ਲੁਧਿਆਣਾ: ਅਜੋਕੇ ਸਮੇਂ ਵਿੱਚ ਜਿੱਥੇ ਇੱਕ ਪਾਸੇ ਲਗਾਤਾਰ ਕੁੱਝ ਨਿੱਜੀ ਹਸਪਤਾਲਾਂ ਵੱਲੋਂ ਲੋਕਾਂ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ ਅਤੇ ਇਲਾਜ ਦੇ ਨਾਂਅ 'ਤੇ ਉਨ੍ਹਾਂ ਦੇ ਹੱਥਾਂ ਵਿੱਚ ਵੱਡੇ-ਵੱਡੇ ਬਿਲ ਫੜਾ ਦਿੱਤੇ ਜਾਂਦੇ ਹਨ।
ਪਰ ਲੁਧਿਆਣਾ ਦੇ ਅਧੀਨ ਪੈਂਦਾ ਮਾਤਾ ਕੁਸ਼ੱਲਿਆ ਹਸਪਤਾਲ ਨੇੜੇ ਦੇ ਪਿੰਡਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਹਸਪਤਾਲ ਵਿੱਚ ਜੋ ਬੱਚੀ ਜਨਮ ਲੈਂਦੀ ਹੈ, ਉਸ ਦੇ ਜਨਮ ਤੋਂ ਲੈ ਕੇ 18 ਸਾਲ ਤੱਕ ਉਸ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਬੱਚਿਆਂ ਦੇ ਮਾਂ-ਪਿਓ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਦਾ ਜਨਮ ਇਸੇ ਹਸਪਤਾਲ ਵਿੱਚ ਹੋਇਆ ਹੈ। ਉਨ੍ਹਾਂ ਦੀ ਬੇਟੀ ਨੂੰ ਜਦੋਂ ਵੀ ਕੋਈ ਮੁਸ਼ਕਿਲ ਜਾਂ ਇਲਾਜ ਦੀ ਲੋੜ ਹੁੰਦੀ ਹੈ, ਉਹ ਆਪਣੀ ਬੇਟੀ ਨੂੰ ਇੱਥੇ ਹੀ ਲਿਆਂਦੇ ਹਨ, ਕਿਉਂਕਿ ਉਨ੍ਹਾਂ ਦੀ ਬੇਟੀ ਦਾ ਇਸ ਹਸਪਤਾਲ ਵਿੱਚ ਜਨਮ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਇਲਾਜ ਮੁਫ਼ਤ ਹੈ।
ਇਸ ਹਸਪਤਾਲ ਵਿੱਚ ਜਨਮੀ ਇੱਕ ਬੇਟੀ ਦੀ ਮਾਂ ਨੇ ਦੱਸਿਆ ਜਦੋਂ ਉਸ ਦੀ ਬੇਟੀ ਪੈਦਾ ਹੋਈ ਸੀ ਤਾਂ ਉਸ ਦੀ ਬੇਟੀ ਨੂੰ 500 ਰੁਪਏ ਸ਼ਗਨ ਵੀ ਦਿੱਤਾ ਗਿਆ ਸੀ।
ਇਸ ਹਸਪਤਾਲ ਦੀ ਮੁੱਖ ਡਾਕਟਰ ਡਿੰਪਲ ਨੇ ਦੱਸਿਆ ਕਿ ਇੱਥੇ ਉਨ੍ਹਾਂ ਵੱਲੋਂ ਲੜਕੀਆਂ ਦੇ ਇਲਾਜ ਲਈ ਕੋਈ ਪੈਸੇ ਨਹੀਂ ਲਏ ਜਾਂਦੇ। ਖ਼ਾਸ ਕਰਕੇ ਉਹ ਬੱਚੀਆਂ ਜੋ ਇਸ ਹਸਪਤਾਲ ਵਿੱਚ ਪੈਦਾ ਹੁੰਦੀਆਂ ਹਨ। ਉੱਧਰ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਆਏ ਮਾਪਿਆਂ ਨੇ ਵੀ ਹਸਪਤਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।