ਲੁਧਿਆਣਾ : ਸੂਬੇ ਵਿਚ ਅਪਰਾਧਿਕ ਵਾਰਦਾਤਾਂ 'ਚ ਨਿਤ ਦਿਨ ਵਾਧਾ ਹੋ ਰਿਹਾ ਹੈ। ਜੇਕਰ ਕਿਹਾ ਜਾਵੇ ਕਿ ਮਹਿਲਾਵਾਂ ਇਨ੍ਹਾਂ ਅਪਰਾਧਾਂ ਦੀ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ, ਤਾਂ ਗਲਤ ਨਹੀਂ ਹੋਵੇਗਾ। ਨਿਤ ਦਿਨ ਮਹਿਲਾਵਾਂ ਨਾਲ ਛੇੜਖਾਨੀ , ਲੁੱਟ ਦੀ ਵਾਰਦਾਤ ਹੁੰਦੀ ਹੈ। ਪਰ, ਲੁਧਿਆਣਾ ਤੋਂ ਸਾਹਮਣੇ ਆਏ ਜਬਰ ਜਨਾਹ ਦੇ ਮਾਮਲੇ ਨੇ ਹਰ ਇਕ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਲੁਧਿਆਣਾ ਦੇ ਮਾਣਕਵਾਲ ਅਪਾਰਟਮੈਂਟ ਦੀ ਰਹਿਣ ਵਾਲੀ ਕੁੜੀ ਨਾਲ ਗੁਆਂਢੀ ਵੱਲੋਂ ਬੰਧਕ ਬਣਾ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਹਨ ਜਿਸ ਦੇ ਤਹਿਤ ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਡੀਸੀਪੀ ਵਰਿੰਦਰ ਬਰਾੜ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 3 ਸਾਲ ਪਹਿਲਾਂ ਉਕਤ ਪੀੜਤ ਲੜਕੀ ਨੂੰ ਆਪਣੀ ਮਾਂ ਦੀ ਮੌਤ ਤੋਂ ਬਾਅਦ ਨਿਗਮ 'ਚ ਨੌਕਰੀ ਮਿਲੀ ਸੀ। ਮਹਿਲਾ ਮੁਲਾਜ਼ਮ ਨੂੰ ਢਾਈ ਸਾਲ ਤੱਕ ਨਸ਼ੇ ਦੀ ਦਵਾਈ ਦੇ ਕੇ ਬੇਸੁੱਧ ਕਰ ਕੁਆਰਟਰ ’ਚ ਬੰਦੀ ਬਣਾ ਕੇ ਰੱਖਣ ਅਤੇ ਸਮੂਹਿਕ ਜਬਰ-ਜਨਾਹ ਕਰਨ ਦੇ ਮਾਮਲੇ ’ਚ ਥਾਣਾ ਸਦਰ ਦੀ ਪੁਲਿਸ ਨੇ ਇਕ ਜੋੜੇ, ਨੰਬਰਦਾਰ ਸਮੇਤ 4 ਵਿਅਕਤੀਆਂ ਖਿਲਾਫ਼ ਧਾਰਾ 376-ਡੀ, 342, 328, 354, 420, 406 ਤਹਿਤ ਕੇਸ ਦਰਜ ਕੀਤਾ ਹੈ।
ਪੀੜਤਾ ਦੇ ਮੁਲਜ਼ਮ ਮੂੰਹ ਬੋਲੇ ਭਰਾ-ਭਰਜਾਈ: ਜਾਂਚ ਅਧਿਕਾਰੀ ਮੁਤਾਬਕ ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ, ਉਸ ਦੀ ਪਤਨੀ ਰਮਨਦੀਪ ਕੌਰ, ਉਸੇ ਇਲਾਕੇ ਦੇ ਰਹਿਣ ਵਾਲੇ ਸਾਬਰ ਅਲੀ ਅਤੇ ਫਰਾਰ ਨੰਬਰਦਾਰ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ। ਪੁਲਿਸ ਫੜੇ ਗਏ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕਰੇਗੀ, ਜੋ ਖੁਦ ਨੂੰ ਪੀੜਤਾ ਦੇ ਮੂੰਹ ਬੋਲੇ ਭਰਾ-ਭਰਜਾਈ ਦੱਸਦੇ ਸਨ। ਮਨਪ੍ਰੀਤ ਖੁਦ ਦੀ ਕਾਰ ਚਲਾਉਂਦਾ ਹੈ। ਪੁਲਿਸ ਨੇ ਇਹ ਮਾਮਲਾ ਜ਼ੋਨਲ ਕਮਿਸ਼ਨਰ ਜਗਦੇਵ ਸਿੰਘ ਸੇਖੋਂ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਦਰਜ ਕੀਤਾ ਹੈ।
ਇਹ ਵੀ ਪੜ੍ਹੋ : Jathedar meeting today : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਮਦਮਾ ਸਾਹਿਬ ਵਿਖੇ ਬੁਲਾਈ ਵਿਸ਼ੇਸ਼ ਮੀਟਿੰਗ, ਭਾਰੀ ਪੁਲਿਸ ਫੋਰਸ ਤੈਨਾਤ
ਮਾਂ ਦੀ ਮੌਤ ਤੋਂ ਬਾਅਦ ਬੇਟੀ ਨੂੰ ਸਰਕਾਰੀ ਨੌਕਰੀ ਮਿਲ ਗਈ: ਉਥੇ ਹੀ, ਪੁਲਿਸ ਮੁਤਾਬਕ 2013 ਵਿਚ ਮਾਂ ਦੀ ਮੌਤ ਤੋਂ ਬਾਅਦ ਬੇਟੀ ਨੂੰ ਸਰਕਾਰੀ ਨੌਕਰੀ ਮਿਲ ਗਈ, ਜਿਸ ਤੋਂ ਬਾਅਦ ਉਨ੍ਹਾਂ ਹੀ ਦੇ ਨਾਲ ਰਹਿਣ ਵਾਲੇ ਉਕਤ ਮੁਲਜ਼ਮਾਂ ਨੇ ਉਸ ਦੇ ਇਕੱਲੇ ਹੋਣ ਦਾ ਫਾਇਦਾ ਉਠਾਇਆ। ਪਹਿਲਾਂ ਖਾਣਾ ਦੇਣ ਲੱਗੇ। ਫਿਰ ਉਸ ’ਚ ਨਸ਼ੀਲੀ ਦਵਾਈ ਮਿਲਾਉਣੀ ਸ਼ੁਰੂ ਕਰ ਦਿੱਤੀ। ਢਾਈ ਸਾਲ ਤੋਂ ਉਕਤ ਮੁਲਜ਼ਮ ਉਸ ਨੂੰ ਕਮਰੇ ’ਚ ਬੰਦੀ ਬਣਾ ਕੇ ਰੱਖਣ ਲੱਗ ਗਏ ਅਤੇ ਅਸ਼ਲੀਲ ਹਰਕਤਾਂ ਅਤੇ ਜਬਰ-ਜ਼ਿਨਾਹ ਵੀ ਕਰਦੇ ਰਹੇ। ਮੁਲਜ਼ਮਾਂ ਵਲੋਂ ਹਰ ਸਮੇਂ ਨਸ਼ੇ ਦੀ ਦਵਾਈ ਦੇ ਕੇ ਰੱਖੀ ਜਾਂਦੀ ਤਾਂ ਕਿ ਔਰਤ ਬੇਹੋਸ਼ ਰਹੇ। ਮੁਹੱਲੇ ਦੇ ਲੋਕਾਂ ਨੇ ਕਈ ਵਾਰ ਜਦੋਂ ਉਸ ਨਾਲ ਕੁੱਟਮਾਰ ਹੁੰਦੀ, ਉਸ ਦੀਆਂ ਚੀਕਾਂ ਦੀਆਂ ਆਵਾਜ਼ਾਂ ਵੀ ਸੁਣੀਆਂ ਹਨ। ਮੁਲਜ਼ਮ ਉਸ ਦੇ ਕੁਆਰਟਰ ਨੂੰ ਵੀ ਹਰ ਸਮੇਂ ਬਾਹਰੋਂ ਜਿੰਦਾ ਲਾ ਕੇ ਰੱਖਦੇ ਸਨ।
7500 ਰੁਪਏ ਲੈ ਕੇ ਨੰਬਰਦਾਰ ਲਗਾਉਂਦਾ ਹਾਜ਼ਰੀ: ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਔਰਤ ਇਕ ਦਿਨ ਵੀ ਕੰਮ ’ਤੇ ਨਹੀਂ ਗਈ, ਪਰ ਨੰਬਰਦਾਰ ਨਾਲ ਉਨ੍ਹਾਂ ਨੇ ਸੈਟਿੰਗ ਕੀਤੀ ਹੋਈ ਸੀ। ਜੋ ਉਸ ਦੀ ਹਾਜ਼ਰੀ ਆਪਣੇ ਆਪ ਲਗਵਾ ਦਿੰਦਾ ਸੀ। ਮੁਲਜ਼ਮ ਹਰ ਮਹੀਨੇ ਸਿਰਫ ਤਨਖਾਹ ਲੈਣ ਸਮੇਂ ਔਰਤ ਨੂੰ ਨਾਲ ਲੈ ਕੇ ਜਾਂਦੇ ਸਨ। ਤਨਖਾਹ ’ਚ ਮਿਲਣ ਵਾਲੇ 32 ਹਜ਼ਾਰ ਰੁਪਏ ’ਚੋਂ 7500 ਰੁਪਏ ਨੰਬਰਦਾਰ ਰੱਖ ਲੈਂਦਾ। ਬਾਕੀ ਸਾਰੇ ਆਪਸ ’ਚ ਵੰਡ ਲੈਂਦੇ ਸਨ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਹਰ ਇਕ ਤੱਥ ਦੇ ਅਧਾਰ 'ਤੇ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।