ਲੁਧਿਆਣਾ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਮੁਤਾਬਕ ਅੱਜ ਪੂਰੀ ਪੰਜਾਬ ਪੁਲਿਸ ਵੱਲੋਂ ਪਟਿਆਲਾ ਵਿੱਚ ਡਿਊਟੀ ਦੌਰਾਨ ਹਮਲੇ ਦਾ ਸ਼ਿਕਾਰ ਹੋਏ ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਉਨ੍ਹਾਂ ਦੇ ਕੰਮ ਲਈ ਸਲਾਮ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਦੇ ਨਾਂਅ ਦੀਆਂ ਨੇਮ ਪਲੇਟਾਂ ਵੀ ਲਾਈਆਂ ਗਈਆਂ। ਇਸ ਦੌਰਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਹਰਜੀਤ ਸਿੰਘ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਇਮਾਨਦਾਰ ਪੁਲਿਸ ਅਫ਼ਸਰ ਜੋ ਕੋਰੋਨਾ ਦੇ ਖ਼ਿਲਾਫ਼ ਇਸ ਜੰਗ 'ਚ ਦਿਨ ਰਾਤ ਜੀ-ਤੋੜ ਮਿਹਨਤ ਕਰ ਰਹੇ ਨੇ ਉਨ੍ਹਾਂ ਸਾਰਿਆਂ ਨੂੰ ਹੀ ਉਨ੍ਹਾਂ ਦਾ ਸਲਾਮ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਉਹ ਅੱਜ ਪੰਜਾਬ ਪੁਲਿਸ ਦੇ ਮੁਲਾਜ਼ਮਾਂ, ਡਾਕਟਰਾਂ ਤੇ ਸਫ਼ਾਈ ਕਰਮਚਾਰੀਆਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਵੀ ਦਿਨ ਰਾਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਕਰਕੇ ਉਨ੍ਹਾਂ ਦੇ ਕੰਮ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਪੂਰੀ ਪੰਜਾਬ ਪੁਲਿਸ ਹਰਜੀਤ ਸਿੰਘ ਵਰਗੇ ਅਫ਼ਸਰਾਂ ਦੀ ਬਦੌਲਤ ਹੀ ਕੋਰੋਨਾ ਵਿਰੁੱਧ ਇਹ ਜੰਗ ਲੜ ਰਹੀ ਹੈ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 29 ਲੱਖ ਤੋਂ ਪਾਰ, 2 ਲੱਖ ਮੌਤਾਂ
ਜਾਣਕਾਰੀ ਲਈ ਦੱਸ ਦਈਏ ਕਿ ਕਰਫ਼ਿਊ ਦੌਰਾਨ ਹਰਜੀਤ ਸਿੰਘ ਨਿਹੰਗਾਂ ਦੇ ਹਮਲੇ ਕਾਰਨ ਜ਼ਖ਼ਮੀ ਹੋ ਗਿਆ ਸੀ ਉਨ੍ਹਾਂ ਦਾ ਹੱਥ ਕੱਟਿਆ ਗਿਆ ਸੀ। ਫਿਲਹਾਲ ਉਹ ਪੀਜੀਆਈ ਵਿੱਚ ਦਾਖ਼ਲ ਹਨ ਅਤੇ ਉਨ੍ਹਾਂ ਦਾ ਹੱਥ ਜੋੜ ਦਿੱਤਾ ਗਿਆ ਹੈ।