ਲੁਧਿਆਣਾ: ਐਸ.ਟੀ.ਐਫ ਰੇਂਜ ਪੁਲਿਸ ਨੇ ਦੋ ਅਲੱਗ-ਅਲੱਗ ਮਾਮਲਿਆਂ ਵਿੱਚ 4 ਕਿੱਲੋ 210 ਗ੍ਰਾਮ ਹੈਰੋਇਨ, ਇੱਕ 32 ਬੋਰ ਦਾ ਪਿਸਟਲ, 13 ਜਿੰਦਾ ਕਾਰਤੂਸ, 60 ਹਜ਼ਾਰ ਰੁਪਏ ਦੀ ਨਗਦੀ ਅਤੇ ਇੱਕ ਫਾਰਚਿਊਨਰ ਕਾਰ ਸਮੇਤ 7 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਕਾਬੂ ਕੀਤੇ ਇੰਨ੍ਹਾਂ ਮੁਲਜ਼ਮਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਹਨ।
ਵਿਸ਼ਵ ਐਂਟੀ ਡਰੱਗ ਦਿਵਸ ਉੱਤੇ ਇਸ ਵੱਡੀ ਕਾਮਯਾਬੀ ਬਾਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਦੋ ਗੈਂਗਸਟਰ ਭਰਾਵਾਂ ਨੂੰ, ਜੋ ਕਿ ਨਸ਼ਾ ਤਸਕਰੀ ਦੇ ਵੱਡੇ ਮਗਰਮੱਛ ਹਨ, ਨੂੰ ਗੁਪਤ ਸੂਚਨਾ ਦੇ ਅਧਾਰ ਉੱਤੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 3.210 ਕਿ.ਗ੍ਰਾ ਹੈਰੋਇਨ, ਅਸਲਾ ਬਰਾਮਦ ਕੀਤਾ ਹੈ। ਸਨੇਹਦੀਪ ਨੇ ਦੱਸਿਆ ਕਿ ਮੁਜ਼ਲਮਾਂ ਦੀਆਂ ਪਤਨੀਆਂ ਵੀ ਨਸ਼ੇ ਦੇ ਨਾਜਾਇਜ਼ ਕਾਰੋਬਾਰ ਵਿੱਚ ਸਾਥ ਦਿੰਦੀਆਂ ਸਨ।
ਇਸੇ ਲੜੀ ਦੇ ਤਹਿਤ ਐਕਟਿਵਾ ਸਵਾਰ ਪਤੀ ਪਤਨੀ ਨੂੰ ਪਿੰਡ ਲੁਹਾਰਾ ਨੇੜਿਓਂ ਕਾਬੂ ਕਰ ਕੇ ਉਨ੍ਹਾਂ ਕੋਲੋਂ 810 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸ.ਟੀ.ਐਫ ਨੇ ਪਹਿਲਾਂ ਦਰਜ ਮਾਮਲਿਆਂ ਦੇ ਅਧੀਨ ਜੇਲ੍ਹ ਵਿੱਚ ਬੰਦ ਮਹਿਲਾ ਮੁਲਜ਼ਮ ਹੀਨਾ ਨੂੰ ਪ੍ਰੋਟੈਕਸ਼ਨ ਵਾਰੰਟ ਉੱਤੇ ਬਾਹਰ ਲਿਆਂਦਾ ਗਿਆ। ਪੁਲਿਸ ਉਸ ਤੋਂ ਪੁੱਛਗਿੱਛ ਕਰ ਕੇ ਲੁਕੋਈ ਹੋਈ 200 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲ ਹੋਈ ਹੈ।
ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਕੋਲੋਂ ਕੁੱਲ 4.210 ਕਿ.ਗ੍ਰਾ ਹੈਰੋਇਨ ਬਰਾਮਦ ਕੀਤੀ ਹੈ ਅਤੇ ਪੁਲਿਸ ਨੇ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਵੀ ਮਾਮਲੇ ਦੇ ਨਾਲ ਅਟੈਚ ਕੀਤੀ ਹੈ।
ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰ ਰਾਜ ਕੁਮਾਰ ਰਾਜੂ ਅਤੇ ਉਸ ਦੇ ਸਾਥੀਆਂ ਉੱਤੇ ਪਹਿਲਾਂ ਵੀ ਕਈ ਧਰਾਵਾਂ ਅਧੀਨ ਅਲੱਗ-ਅਲੱਗ ਥਾਣਿਆਂ ਵਿੱਚ ਮਾਮਲੇ ਦਰਜ ਹਨ ਅਤੇ ਇਨ੍ਹਾਂ ਦੇ ਪੰਜਾਬ ਦੇ ਕਈ ਗੈਂਗਸਟਰਾਂ ਨਾਲ ਸਬੰਧ ਹਨ। ਉਨ੍ਹਾਂ ਦੱਸਿਆ ਕਿ ਆਰੋਪੀ ਦਿੱਲੀ ਅਤੇ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਪੂਰੇ ਪੰਜਾਬ ਵਿੱਚ ਸਪਲਾਈ ਕਰਦੇ ਸਨ।
ਦੂਜੇ ਪਾਸੇ ਜੇ ਸੂਤਰਾਂ ਦੀ ਮੰਨੀਏ ਤਾਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ 20 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ।