ਲੁਧਿਆਣਾ: ਲੁਧਿਆਣਾ ਦੇ ਕਾਕੋਵਾਲ ਰੋਡ 'ਤੇ ਸਥਿਤ ਸੰਤ ਸਿੰਘ ਚੀਮਾ ਨਗਰ 'ਚ ਏਕੇ ਸਟਾਈਲ ਨਾਮ ਦੀ ਫੈਕਟਰੀ 'ਚੋਂ 49 ਬੱਚੇ ਬਰਾਮਦ ਹੋਏ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨਾਬਾਲਿਗ ਦੱਸੇ ਜਾਂਦੇ ਹਨ। ਉਹ ਫੈਕਟਰੀ ਵਿੱਚ ਟੀ-ਸ਼ਰਟਾਂ ਆਦਿ ਬਣਾਉਣ ਦਾ ਕੰਮ ਕਰਦੇ ਸਨ। ਇਹ ਛਾਪੇਮਾਰੀ ਬਾਲ ਭਲਾਈ ਵਿਭਾਗ, ਕਿਰਤ ਵਿਭਾਗ ਅਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ। ਇਸ ਛਾਪੇਮਾਰੀ ਵਿੱਚ ਬਾਲ ਮਜ਼ਦੂਰੀ ਅਧੀਨ ਕੁੱਲ 57 ਬੱਚੇ ਬਰਾਮਦ ਕੀਤੇ ਗਏ ਹਨ। 49 ਬੱਚੇ ਕਾਕੋਵਾਲ ਰੋਡ ਸਥਿਤ ਫੈਕਟਰੀ ਅਤੇ 8 ਬੱਚੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤੇ ਗਏ ਹਨ, ਬਰਾਮਦ ਕੀਤੇ ਗਏ ਬੱਚਿਆਂ ਵਿੱਚ 3 ਲੜਕੀਆਂ ਵੀ ਸ਼ਾਮਲ ਹਨ।
ਬੱਚਿਆਂ ਦਾ ਕਰਾਇਆ ਮੈਡੀਕਲ : ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ, ਬੱਚਿਆਂ ਦਾ ਮੈਡੀਕਲ ਕਰਵਾਉਣ ਦੇ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜਿੱਥੋਂ ਉਨ੍ਹਾਂ ਨੂੰ ਬੱਸਾਂ ਵਿੱਚ ਭਰ ਕੇ ਬਾਲ ਘਰਾਂ ਵਿੱਚ ਭੇਜਿਆ ਜਾ ਰਿਹਾ ਹੈ। ਲੁਧਿਆਣਾ ਦੇ ਬਾਲ ਵਿਭਾਗ ਦੀ ਮੁਖੀ ਰਸ਼ਮੀ ਸੈਣੀ ਨੇ ਇਸ ਬਾਰੇ ਪੁਸ਼ਟੀ ਕਰਦਿਆਂ ਕਿਹਾ ਕਿ ਅਸੀਂ ਉਕਤ ਫੈਕਟਰੀ ਵਿੱਚੋਂ 49 ਦੇ ਕਰੀਬ ਬੱਚੇ ਬਰਾਮਦ ਕੀਤੇ ਹਨ, ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਕੋਲ ਉਮਰ ਦਾ ਕੋਈ ਠੋਸ ਸਬੂਤ ਨਹੀਂ ਸੀ, ਜਿਸ ਕਾਰਨ ਇਨ੍ਹਾਂ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਦੀ ਉਮਰ ਦੀ ਪੁਸ਼ਟੀ ਕਰ ਰਹੇ ਹਾਂ। ਜਿਸ ਤੋਂ ਬਾਅਦ ਫੈਕਟਰੀ ਮਾਲਕ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਬਚਪਨ ਬਚਾਓ ਅੰਦੋਲਨ ਦੇ ਕਾਰਕੁਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਹ ਮਹੀਨਾ ਬਾਲ ਮਜ਼ਦੂਰੀ ਵਿਰੁੱਧ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਫੈਕਟਰੀਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਤਹਿਤ ਅਸੀਂ ਇਨ੍ਹਾਂ ਬੱਚਿਆਂ ਨੂੰ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਸੀ ਜੋਕਿ ਕਾਨੂੰਨੀ ਤੌਰ ਤੇ ਜੁਰਮ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਚ ਬੱਚੇ ਮਜਦੂਰੀ ਕਰਨ ਨੂੰ ਮਜਬੂਰ ਹਨ ਅਤੇ ਉਨ੍ਹਾਂ ਦਾ ਬਚਪਨ ਤਬਾਹ ਹੋ ਰਿਹਾ ਹੈ।