ਲੁਧਿਆਣਾ: ਕਰਫ਼ਿਊ ਦੇ ਕਾਰਨ ਸੂਬੇ ਭਰ 'ਚ ਸਾਰੇ ਵਿੱਦਿਅਕ ਅਦਾਰੇ ਬੰਦ ਹਨ ਤੇ ਜ਼ਿਆਦਾਤਰ ਵਿਦਿਆਰਥੀ ਆਨਲਾਈਨ ਕਲਾਸਾਂ ਰਾਹੀਂ ਹੀ ਵਿੱਦਿਆ ਹਾਸਲ ਕਰ ਰਹੇ ਹਨ। ਪਰ ਅਜਿਹੇ ਟਾਇਮ ਵਿੱਚ ਕੁੱਝ ਅਜਿਹੇ ਬੱਚੇ ਹਨ ਜੋ ਆਪਣੀ ਮੌਜ ਮਸਤੀ ਤੇ ਪੜ੍ਹਾਈ ਤੋਂ ਇਲਾਵਾ ਸਮਾਜ ਦੀ ਤਰੱਕੀ ਵਿੱਚ ਵੀ ਆਪਣਾ ਪੂਰਾ ਯੋਗਦਾਨ ਦਿੰਦੇ ਹਨ। ਅਜਿਹੀ ਹੀ ਮਿਸਾਲ ਲੁਧਿਆਣਾ 'ਚ ਸੱਤਵੀਂ ਜਮਾਤ ਦੀ ਪੜ੍ਹਨ ਵਾਲੀ ਵਿਦਿਆਰਥਣ ਭਗਤੀ ਸ਼ਰਮਾ ਨੇ ਕਾਇਮ ਕੀਤੀ ਹੈ। ਭਗਤੀ ਨੇ ਤਕਨੀਕਾਂ ਦੀ ਮਦਦ ਨਾਲ ਇੱਕ ਅਜਿਹੀ ਐਪਲੀਕੇਸ਼ਨ ਦੀ ਖੋਜ ਕੀਤੀ ਹੈ, ਜਿਸ ਰਾਹੀਂ ਲੋਕ ਗਰੀਬ ਜਾਂ ਲੋੜਵੰਦ ਬੱਚਿਆਂ ਨੂੰ ਪੁਰਾਣੀਆਂ ਜਾਂ ਨਵੀਆਂ ਕਿਤਾਬਾਂ ਆਨਲਾਈਨ ਡੋਨੇਟ ਕਰ ਸਕਦੇ ਹਨ। ਇਨ੍ਹਾਂ ਹੀ ਨਹੀਂ ਜੇ ਤੁਹਾਨੂੰ ਕਿਸੇ ਕਿਤਾਬ ਦੀ ਜ਼ਰੂਰਤ ਹੈ ਤਾਂ ਵੀ ਤੁਸੀਂ ਇਸ ਐਪਲੀਕੇਸ਼ਨ ਦੀ ਮਦਦ ਨਾਲ ਕਿਤਾਬ ਹਾਸਲ ਕਰ ਸਕਦੇ ਹੋ।
'ਆਪ ਬੀਤੀ ਨੇ ਕੀਤਾ ਖੋਜ ਕਰਨ ਨੂੰ ਮਜਬੂਰ'
ਜਦ ਇਸ ਮੋਬਾਈਲ ਐਪਲੀਕੇਸ਼ਨ ਦੀ ਕਾਢ ਕੱਢਣ ਵਾਲੀ ਸੱਤਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਭਗਤੀ ਸ਼ਰਮਾ ਨਾਲ ETV ਭਾਰਤ ਨੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਇੱਕ ਕਿਤਾਬ ਦੀ ਲੋੜ ਸੀ ਜੋ ਦਸਵੀਂ ਜਮਾਤ 'ਚ ਪੜ੍ਹਦਾ ਹੈ ਤੇ ਉਸ ਨੂੰ ਕਿਤਾਬਾਂ ਲੈਣ ਚ ਕਾਫ਼ੀ ਸਮੱਸਿਆ ਹੋ ਰਹੀ ਸੀ, ਜਿਸ ਕਰਕੇ ਉਸ ਦੇ ਦਿਮਾਗ ਦੇ ਵਿੱਚ ਅਜੀਹੀ ਖੋਜ ਕਰਨ ਦਾ ਵਿਚਾਰ ਆਇਆ। ਇਸ ਵਿਸ਼ੇ 'ਤੇ ਭਗਤੀ ਨੇ ਆਪਣੇ ਹੋਰਨਾਂ ਅਧਿਆਪਕਾਂ ਨਾਲ ਗੱਲ ਕੀਤੀ ਤੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਇਸ ਐਪ ਨੂੰ ਤਿਆਰ ਕਰ ਲਾਂਚ ਕੀਤਾ।
ਕੀ ਹਨ ਪੁਸਤਕ ਐਪ ਦੇ ਫਾਇਦੇ?
ਭਗਤੀ ਦੀ ਇਸ ਐਪ ਰਾਹੀਂ ਨਾਲ ਨਾ ਸਿਰਫ ਤੁਸੀਂ ਕਿਤਾਬਾਂ ਦਾਨ ਕਰ ਸਕਦੇ ਹੋ ਸਗੋਂ ਆਪਣੀ ਲੋੜ ਮੁਤਾਬਕ ਕੋਈ ਵੀ ਕਿਤਾਬ ਹਾਸਲ ਵੀ ਕਰ ਸਕਦੇ ਹੋ। ਇਹ ਐਪ ਪੂਰੀ ਤਰ੍ਹਾਂ ਮੁਫਤ ਹੈ ਤੇ ਭਗਤੀ ਵੱਲੋਂ ਇਸ ਨੂੰ ਲੋਕਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਬਣਾਇਆ ਗਿਆ ਹੈ। ਭਗਤੀ ਦੀ ਇਸ ਅਨੋਖੀ ਉੱਪਲਬਧੀ ਕਰਕੇ ਨਾ ਸਿਰਫ਼ ਉਸ ਦੇ ਘਰ ਵਾਲੇ ਖੁਸ਼ ਹਨ ਸਗੋਂ ਉਸ ਦਾ ਸਕੂਲ ਤੇ ਆਂਢ-ਗੁਆਂਢ ਵੀ ਪੂਰਾ ਮਾਨ ਮਹਿਸੂਸ ਕਰਦਾ ਹੈ। ਲੋਕ ਭਗਤੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਨ ਤੇ ਉਸ ਨੂੰ ਹੋਰ ਤੱਰਕੀ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ।