ਲੁਧਿਆਣਾ: ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਕਹਿਰ ਢਾਹੁਣ ਤੋਂ ਬਾਅਦ ਟਿੱਡੀ ਦਲ ਦਾ ਖਤਰਾ ਹੁਣ ਹਰਿਆਣਾ ਅਤੇ ਪੰਜਾਬ 'ਚ ਵੀ ਮੰਡਰਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਕਿਸਾਨ ਕਾਫ਼ੀ ਚਿੰਤਤ ਹਨ।
ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਦੇ ਕੀਟ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।
ਪੀਏਯੂ ਦੇ ਕੀਟ ਵਿਭਾਗ ਦੇ ਮੁਖੀ ਡਾ. ਪੀਕੇ ਛੁਨੇਜਾ ਨੇ ਦੱਸਿਆ ਕਿ ਬੀਤੇ ਸਾਲ ਟਿੱਡੀ ਦਲ ਨੇ ਕਈ ਦੇਸ਼ਾਂ ਵਿੱਚ ਕਹਿਰ ਬਰਪਾਇਆ ਸੀ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਬਸੰਤ ਰੁੱਤ ਵਿੱਚ ਦੱਖਣੀ ਈਰਾਨ ਅਤੇ ਦੱਖਣ ਪੱਛਮੀ ਪਾਕਿਸਤਾਨ ਵਿੱਚ ਵਾਤਾਵਰਣ ਦੇ ਚੱਲਦਿਆਂ ਪੈਦਾ ਹੋਇਆ ਹੈ ਅਤੇ ਹੁਣ ਇਹ ਭਾਰਤ ਵਿੱਚ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਵੀ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਵੀ ਕੁਝ ਥਾਵਾਂ 'ਤੇ ਇਸ ਨੂੰ ਵੇਖਿਆ ਗਿਆ ਪਰ ਇਸ ਦਾ ਮੌਕੇ 'ਤੇ ਹੀ ਖਾਤਮਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਿੱਡੀ ਦਲ ਦੇ ਖਾਤਮੇ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਕਿਸਾਨਾਂ ਲਈ ਵੱਲੋਂ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ।