ਲੁਧਿਆਣਾ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਫ਼ਤਿਹ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਸਬੰਧੀ ਸ਼ਨਿੱਚਰਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਨੂੰ ਪੱਤਰਕਾਰਾਂ ਨਾਲ ਸਾਂਝਾ ਕਰਨ ਸਮੇਂ ਉੱਥੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ, ਐਸਡੀਐਮ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ, ਸਿਵਲ ਹਸਪਤਾਲ ਦੇ ਡਾਕਟਰ ਮੌਜੂਦ ਰਹੇ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਪੂਰੇ ਪੰਜਾਬ ਸੂਬੇ ਦਾ ਦੌਰਾ ਕੀਤਾ ਜਾਵੇਗਾ। ਇਸ ਦੌਰੇ ਨਾਲ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਵੱਧ ਤੋਂ ਵੱਧ ਜੋੜਿਆ ਜਾਵੇਗਾ। ਮਿਸ਼ਨ ਫ਼ਤਿਹ ਤਹਿਤ ਕੀਤੇ ਜਾ ਰਹੇ ਦੌਰੇ ਦੌਰਾਨ ਪਿੰਡਾਂ ਸ਼ਹਿਰ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਜਾਵੇਗਾ, ਤੇ ਇਸ ਤੋਂ ਬਚਣ ਲਈ ਜਾਰੀ ਹੋਈ ਹਿਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।
ਰਾਕੇਸ਼ ਅਗਰਵਾਲ ਨੇ ਵੀਕਐਂਡ ਲੌਕਡਾਊਨ 'ਤੇ ਸਰਕਾਰ ਵੱਲੋਂ ਜਾਰੀ ਹੋਈ ਨਵੀਂ ਹਿਦਾਇਤਾਂ ਬਾਰੇ ਦੱਸਦੇ ਹੋਏ ਕਿਹਾ ਕਿ ਹੁਣ ਸ਼ਨਿੱਚਰਵਾਰ ਨੂੰ ਲੌਕਡਾਊਨ ਨਹੀਂ ਰਹੇਗਾ। ਸ਼ਨਿੱਚਰਵਾਰ ਨੂੰ ਆਮ ਦਿਨਾਂ ਵਾਂਗ ਹੀ ਕੰਮ ਚੱਲੇਗਾ ਸਿਰਫ਼ ਐਤਵਾਰ ਨੂੰ ਲੌਕਡਾਊਨ ਜਾਰੀ ਰਹੇਗਾ। ਇਸ ਦਿਨ ਸਿਰਫ਼ ਕਰਿਆਣੇ ਦੀ ਦੁਕਾਨਾਂ ਤੇ ਫੈਕਟਰੀਆਂ ਨੂੰ ਖੁੱਲ੍ਹਣ ਦੀ ਇਜ਼ਾਜਤ ਹੋਵੇਗੀ।
ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਬਾਰੇ ਦੱਸਦੇ ਹੋਏ ਕਿਹਾ ਕਿ ਹੁਣ ਤੱਕ ਪੁਲਿਸ ਵਿਭਾਗ ਦੇ 25 ਮੁਲਾਜ਼ਮ ਕੋਰੋਨਾ ਪੌਜ਼ੀਟਿਵ ਆਏ ਹਨ ਜਿਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਠੀਕ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਪੁਲਿਸ ਵਿਭਾਗ ਵੀ ਆਨਲਾਈਨ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ 100 ਦੇ ਕਰੀਬ ਆਨਲਾਈਨ ਸ਼ਿਕਾਇਤਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਆਨਲਾਈਨ ਹੀ ਸੁਲਝਾਇਆ ਜਾਂਦਾ ਹੈ।
ਇਹ ਵੀ ਪੜ੍ਹੋ:ਮੁੰਬਈ 'ਚ ਭਾਰੀ ਮੀਂਹ ਦੇ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈਡ ਅਲਰਟ