ਲੁਧਿਆਣਾ: ਅਕਸਰ ਹੀ ਸ਼ਰਾਬ ਦੇ ਠੇਕੇ ਅਗਿਓਂ ਲੰਘਦੇ ਸ਼ਰਾਬ ਨਾਪਸੰਦ ਲੋਕ ਮੂੰਹ ਵੱਟ ਕੇ ਲੰਘਦੇ ਹਨ, ਪਰ ਇਸ ਵਾਰ ਲੰਘਦੇ ਸਮੇਂ ਤੁਸੀ ਇਹ ਜਰੂਰ ਵੇਖਣਾ ਕੇ ਸ਼ਰਾਬ ਦੇ ਠੇਕੇ ਆਬਕਾਰੀ ਨਿਯਮਾਂ ਦੀ ਪਾਲਣਾ ਕਰਦੇ ਜਾਂ ਫਿਰ ਨਹੀਂ ਕਰਦੇ। ਠੇਕੇ 'ਤੇ ਇਹ ਲਿਖਿਆ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ਜਾਂ ਨਹੀਂ, ਸ਼ਰਾਬ ਦੇ ਠੇਕਿਆਂ ਨੂੰ ਸੱਜਰੀ ਵਿਆਹੀ ਵਾਂਗੂੰ ਸਜਾਉਣ ਦੀ ਕਵਾਇਦ ਪੁਰਾਣੀ ਹੈ। ਖਾਸ ਕਰਕੇ ਹਾਈਵੇਅ 'ਤੇ ਸ਼ਰਾਬ ਵੇਚਣ ਅਤੇ ਪਰੋਸਣ ਵਾਲੇ ਠੇਕੇ ਅਤੇ ਅਹਾਤੇ ਗ੍ਰਹਾਕਾਂ ਨੂੰ ਲੁਭਾਉਣ ਦੇ ਲਈ ਸਾਜੋ ਸਜਾਵਟ ਕਰਦੇ ਹਨ ਪਰ ਇਹ ਨਿਯਮਾਂ ਦੇ ਬਿਲਕੁਲ ਉਲਟ ਹੈ। ਇਹ ਖੁਲਾਸਾ ਹਾਲ ਹੀ ਦੇ ਵਿੱਚ ਲੁਧਿਆਣਾ ਤੋ ਇਕ ਸਮਾਜ ਸੇਵੀ ਵੱਲੋਂ ਪਾਈ ਗਈ RTI ਦੇ ਜਵਾਬ ਵਿੱਚ ਹੋਇਆ ਹੈ। ਜ਼ਿਆਦਤਰ ਠੇਕੇ ਇਨ੍ਹਾਂ ਨਿਯਮਾਂ ਨੂੰ ਟਿੱਚ ਜਾਣਦੇ ਹਨ ਕਿਉਂਕਿ ਸ਼ਰਾਬ ਦੇ ਠੇਕੇ ਮਹਿੰਗੀਆਂ ਫੀਸਾਂ ਭਰ ਕੇ ਲਏ ਜਾਂਦੇ ਹਨ। ਅਜਿਹੇ 'ਚ ਆਪਣੀ ਸੇਲ ਵਧਾਉਣ ਲਈ ਠੇਕੇ ਦਾ ਹਾਰ ਸ਼ਿੰਗਾਰ ਕਰਨਾ ਲਾਜ਼ਮੀ ਸਮਝਿਆ ਜਾਣ ਲੱਗਾ ਹੈ। (Rules of Liquor Contracts)
ਮਹਿਲਾ ਫਰੈਂਡਲੀ ਠੇਕੇ: ਪੰਜਾਬ ਦੀ ਸਰਕਾਰ ਨੂੰ ਆਬਕਾਰੀ ਵਿਭਾਗ ਤੋਂ ਵੱਡਾ ਮਾਲੀਆ ਪ੍ਰਾਪਤ ਹੁੰਦਾ ਹੈ। ਇਹੀ ਕਾਰਨ ਹੈ ਕੇ ਮਹਿਲਾ ਫਰੈਂਡਲੀ ਠੇਕਿਆਂ ਦੀ ਵੀ ਜਲੰਧਰ ਚ ਸ਼ੁਰੂਆਤ ਹੋਈ, ਜਿਸ ਦੀ ਇਕ ਤਸਵੀਰ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਸਾਂਝੀ ਵੀ ਕੀਤੀ ਸੀ। ਹਾਲਾਂਕਿ ਰੌਲਾ ਪੈਣ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਇਸ ਠੇਕੇ ਤੋਂ ਇਹ ਬੋਰਡ ਜਰੂਰ ਹਟਾ ਦਿੱਤਾ ਗਿਆ, ਪਰ ਠੇਕੇ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਿਆ ਜਾਂ ਨਹੀਂ ਇਹ ਹੋਰ ਵਿਸ਼ਾ ਹੈ।
ਵੱਧ ਆਮਦਨ ਦਾ ਟੀਚਾ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਲ 2023-24 ਦੇ ਦੌਰਾਨ ਲਗਭਗ 1000 ਕਰੋੜ ਰੁਪਏ ਦੇ ਵਾਧੇ ਦੇ ਨਾਲ ਸ਼ਰਾਬ ਤੋਂ 9754 ਕਰੋੜ ਰੁਪਏ ਮਾਲੀਆ ਕਮਾਉਣ ਦਾ ਟੀਚਾ ਮਿੱਥਿਆ ਸੀ, ਜੋਕਿ ਠੇਕਿਆਂ ਦੀ ਸਜਾਵਟ ਤੋਂ ਬਿਨਾਂ ਪੂਰਾ ਹੋਣਾ ਔਖਾ ਲੱਗਦਾ। ਇਹੀ ਕਾਰਨ ਹੋ ਸਕਦਾ ਕੇ ਸ਼ਰਾਬ ਦੇ ਠੇਕਿਆਂ ਦਾ ਮੇਕਅੱਪ ਸ਼ਾਮ ਹੁੰਦੇ ਹੀ ਸ਼ੁਰੂ ਹੋ ਜਾਂਦਾ ਹੈ। ਰੰਗ ਬਿਰੰਗੀ ਲਾਈਟਾਂ ਸਿਰਫ ਪੀਣ ਦੇ ਸ਼ੌਕੀਨਾਂ ਨੂੰ ਹੀ ਨਹੀਂ ਸਗੋਂ ਨੇੜੇ ਤੇੜੇ ਤੋਂ ਲੰਘਣ ਵਾਲੇ ਲੋਕਾਂ ਨੂੰ ਵੀ ਆਕਰਸ਼ਿਤ ਕਰਦੀ ਹੈ। ਹਾਲਾਂਕਿ ਲਾਈਟਾਂ ਨਾਲ ਮਾਹੌਲ ਸਿਰਜਣ ਵਾਲੇ ਠੇਕੇ ਦੇ ਕਾਰਕੁੰਨ ਅਤੇ ਕਰਿੰਦੇ ਇਸ ਗੱਲ ਤੋਂ ਅਣਜਾਣ ਰਹਿੰਦੇ ਨੇ ਕੇ ਇਹ ਨਿਯਮਾਂ ਦੇ ਖਿਲਾਫ ਹੈ।
ਸ਼ਰਾਬ ਤੋਂ ਕਿੰਨਾ ਰੈਵਨਿਊ: ਸਾਲ 2016 'ਚ ਪਾਈ ਗਈ ਇੱਕ RTI 'ਚ ਖੁਲਾਸਾ ਹੋਇਆ ਸੀ ਕੇ ਪੰਜਾਬ 'ਚ 12 ਹਜ਼ਾਰ ਦੇ ਕਰੀਬ ਸ਼ਰਾਬ ਦੇ ਠੇਕੇ ਹਨ, ਜਿੰਨ੍ਹਾ 'ਚ ਲਗਾਤਾਰ ਇਜਾਫ਼ਾ ਹੋ ਰਿਹਾ ਹੈ। ਪੰਜਾਬ 'ਚ ਪਿਛਲੇ ਸਾਲ ਯਾਨੀ 2022-23 ਦੇ ਲਈ ਸ਼ਰਾਬ ਚੋਂ ਸਰਕਾਰ ਨੂੰ 9 ਹਜ਼ਾਰ ਕਰੋੜ ਦਾ ਮਾਲੀਆ ਇੱਕਤਰ ਹੋਇਆ ਸੀ, ਜਦੋਂ ਕਿ ਵਿੱਤ ਮੰਤਰੀ ਹਰਪਾਲ ਚੀਮਾ (Finance Minister Harpal Cheema ) ਨੇ ਦਾਅਵਾ ਕੀਤਾ ਸੀ ਕੇ 2021-22 'ਚ ਇਹ ਮਾਲੀਆ 6100 ਕਰੋੜ ਦੇ ਕਰੀਬ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰ ਵਿੱਤੀ ਸਾਲ 2023 'ਚ ਪਹਿਲੇ 6 ਮਹੀਨਿਆਂ ਅੰਦਰ ਹੀ 4280 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਸ਼ਰਾਬ 'ਚੋ ਸੂਬੇ ਦੀ ਆਮਦਨ ਵਧਾਉਣ ਦੇ ਲਈ ਹਰਪਾਲ ਚੀਮਾ ਪਿਛਲੇ ਮਹੀਨੇ ਕੇਰਲਾ ਵੀ ਦੌਰਾ ਕਰਕੇ ਆਏ ਹਨ। ਜਿੱਥੇ ਕੇਰਲਾ ਦੇ ਆਬਕਾਰੀ ਅਤੇ ਲੋਕਲ ਬਾਡੀ ਮੰਤਰੀ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਅਤੇ ਕੇਰਲਾ ਦੇ ਮਾਡਲ ਨੂੰ ਸਮਝਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ।
RTI 'ਚ ਖੁਲਾਸੇ: ਇਸ ਸਬੰਧੀ ਸਮਾਜ ਸੇਵੀ ਕੁਲਵਿੰਦਰ ਸਿੰਘ ਰਾਜੂ ਵੱਲੋਂ ਪਾਈ ਗਈ ਇੱਕ ਆਰਟੀਆਈ ਦਾ ਜਵਾਬ ਦਿੰਦਿਆਂ ਆਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕਿਆਂ ਦੇ ਲਈ ਬਣਾਏ ਗਏ ਨਿਯਮਾਂ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਠੇਕਿਆਂ ਦੇ ਬਾਹਰ ਬੋਰਡ ਲਾਉਣ ਲਈ ਵੀ ਸਾਈਜ਼ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਠੇਕੇ ਦੇ ਬਾਹਰ ਕਿਸੇ ਤਰਾਂ ਦੀਆਂ ਐਲ.ਈ.ਡੀ ਲਾਈਟਾਂ, ਲੜੀਆਂ ਆਦਿ ਵੀ ਨਹੀਂ ਲਗਾਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਠੇਕੇ ਦੇ ਬਾਹਰ ਆਬਕਾਰੀ ਹੁਕਮਾਂ 'ਤੇ 'ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ' ਅਜਿਹਾ ਸਲੋਗਨ ਲਾਉਣਾ ਵੀ ਲਾਜ਼ਮੀ ਹੈ। ਜਦੋਂ ਕਿ ਠੇਕੇ ਦੇ ਬਾਹਰ ਕੋਈ ਵੀ ਇੰਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ।
- Dog park in Ludhiana: ਸੁਰਖੀਆਂ 'ਚ ਪੰਜਾਬ ਦਾ ਪਹਿਲਾ ਡਾਗ ਪਾਰਕ , ਇੰਨ੍ਹਾਂ ਗੱਲਾਂ ਨੂੰ ਲੈਕੇ PAC ਨੇ ਕੀਤੀ ਸ਼ਿਕਾਇਤ
- Inspector Dies In Car: ਇੰਸਪੈਕਟਰ ਦੀ ਕਾਰ 'ਚੋਂ ਬਰਾਮਦ ਹੋਈ ਲਾਸ਼, ਸਿਰ ਵਿੱਚ ਵੱਜੀ ਹੋਈ ਸੀ ਗੋਲੀ
- Art of sculpture: ਪੰਜਾਬ ਵਿੱਚ ਅਲੋਪ ਹੋਈ ਹੱਥਾਂ ਨਾਲ ਮੂਰਤੀਆਂ ਬਣਾਉਣ ਦੀ ਕਲਾ, ਦੂਜੇ ਸੂਬਿਆਂ ਤੋਂ ਆ ਰਹੇ ਕਾਰੀਗਰ
ਸਕੂਲਾਂ ਨੇੜੇ ਬਣੇ ਠੇਕੇ: ਸਮਾਜ ਸੇਵੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਕਈ ਸਕੂਲਾਂ ਦੇ ਨੇੜੇ, ਧਾਰਮਿਕ ਸਥਾਨਾਂ ਦੇ ਨੇੜੇ ਵੀ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ, ਜੋਕਿ ਨਿਯਮਾਂ ਦੀ ਉਲੰਘਣਾ ਹੈ ਅਤੇ ਇਸ ਵੱਲ ਕਾਰਵਾਈ ਸਬੰਧੀ ਕਈ ਵਾਰ ਪੱਤਰ ਲਿਖਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਗਈ।
ਵਿਧਾਇਕ ਨੇ ਕਾਰਵਾਈ ਦੀ ਆਖੀ ਗੱਲ: ਉਧਰ ਇਸ ਸਬੰਧੀ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ (MLA Gurpreet Gogi) ਨੇ ਕਿਹਾ ਕਿ ਅਜਿਹੇ ਕਈ ਠੇਕੇ ਉਨ੍ਹਾਂ ਬੰਦ ਕਰਵਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੇ ਨੋਟਿਸ 'ਚ ਲੈਕੇ ਆਵੇਗਾ ਤਾਂ ਕਾਰਵਾਈ ਯਕੀਨਨ ਕਰਨਗੇ। ਵਿਧਾਇਕ ਗੋਗੀ ਨੇ ਕਿਹਾ ਕਿ ਮੈਨੂੰ ਫਿਲਹਾਲ ਆਬਕਾਰੀ ਦੇ ਨਿਯਮਾਂ ਬਾਰੇ ਜਾਣਕਾਰੀ ਨਹੀਂ ਹੈ, ਪਰ ਜੇਕਰ ਸਕੂਲਾਂ ਜਾਂ ਧਾਰਮਿਕ ਸਥਾਨਾਂ ਨੇੜੇ ਠੇਕਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਕਾਰਵਾਈ ਜ਼ਰੂਰ ਕਰਨਗੇ।