ਲੁਧਿਆਣਾ : ਸਿੱਖਿਆ ਦਾ ਅਧਿਕਾਰ ਸਾਡਾ ਸਭ ਦਾ ਮੌਲਿਕ ਅਧਿਕਾਰ ਹੈ ਅਤੇ ਕੁੱਝ ਗਰੀਬ ਤਬਕੇ ਦੇ ਬੱਚੇ ਆਰਥਿਕ ਤੰਗੀ ਕਾਰਨ ਅੱਜ ਵੀ ਸਾਡੇ ਦੇਸ਼ ਵਿੱਚ ਸਿੱਖਿਆ ਹਾਸਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ।
ਅਜਿਹੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੰਦੀ ਹੈ ਕੁਲਵਿੰਦਰ ਕੌਰ ਮਿਨਹਾਸ, ਜੋ ਦਰਜਨ ਤੋਂ ਵੱਧ ਕਿਤਾਬਾਂ ਵੀ ਲਿਖ ਚੁੱਕੀ ਹੈ ਅਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਲਈ ਅਹਿਮ ਯੋਗਦਾਨ ਪਾਉਂਦੀ ਹੈ। ਉਹ ਪ੍ਰਵਾਸੀ ਬੱਚਿਆਂ ਨੂੰ ਨਾ ਸਿਰਫ਼ ਪੰਜਾਬੀ ਸਿਖਾ ਰਹੀ ਹੈ, ਸਗੋਂ ਸਿੱਖੀ ਦੇ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਦਿੰਦੀ ਹੈ।
ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਭਾਵੇਂ ਮਹਿੰਗੇ ਨਿੱਜੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰਨ ਵਿੱਚ ਅਸਮਰੱਥ ਹਨ, ਪਰ ਕੁਲਵਿੰਦਰ ਕੌਰ ਮਿਨਹਾਸ ਇੰਨ੍ਹਾਂ ਬੱਚਿਆਂ ਨੂੰ ਮੁਫ਼ਤ ਵਿੱਚ ਸਿੱਖਿਆ ਦਿੰਦੀ ਹੈ। ਉਹ ਆਪ ਇੱਕ ਸਕੂਲ ਦੀ ਪ੍ਰਿੰਸੀਪਲ ਰਹਿ ਚੁੱਕੀ ਹੈ, ਪਰ ਨੌਕਰੀ ਛੱਡ ਕੇ ਮੁਫ਼ਤ ਵਿੱਚ ਆਪਣਾ ਜੀਵਨ ਇੰਨ੍ਹਾਂ ਬੱਚਿਆਂ ਦੇ ਨਾਂਅ ਕਰ ਦਿੱਤਾ ਹੈ ਅਤੇ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਨਾ ਸਿਰਫ਼ ਪੜ੍ਹਾਉਂਦੀ ਹੈ, ਸਗੋਂ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਦੀ ਹੈ ਅਤੇ ਨਾਲ ਹੀ ਆਤਮ ਨਿਰਭਰ ਬਣਾਉਣ ਲਈ ਯੋਗਦਾਨ ਪਾਉਂਦੀ ਹੈ
ਕੁਲਵਿੰਦਰ ਕੌਰ ਦਾ ਚੌਗਿਰਦੇ ਨਾਲ ਵੀ ਵਿਸ਼ੇਸ਼ ਪ੍ਰੇਮ ਹੈ। ਹੁਣ ਤੱਕ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਹੋਰ ਕਿਤਾਬ 'ਅਰਸ਼ੀ ਨੂਰ ਕ੍ਰਾਂਤੀਕਾਰੀ ਗੁਰੂ ਨਾਨਕ' ਸੁਲਤਾਨਪੁਰ ਲੋਧੀ ਵਿੱਚ ਲੋਕ ਅਰਪਿਤ ਕਰਨ ਜਾ ਰਹੀ ਹੈ।
ਕੁਲਵਿੰਦਰ ਕੌਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਆਪਣੀ ਜ਼ਿੰਦਗੀ ਦੇ ਤਜ਼ੁਰਬੇ ਸਾਂਝੇ ਕੀਤੇ।
ਉੱਧਰ ਕੁਲਵਿੰਦਰ ਕੌਰ ਦੇ ਨਾਲ ਰਿਤੂ ਗੌਤਮ ਵੀ ਬੱਚਿਆਂ ਨੂੰ ਤਾਲੀਮ ਦਿਵਾਉਣ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਸਕੂਲੀ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ, ਸਗੋਂ ਉਨ੍ਹਾਂ ਨੂੰ ਸਕੂਲ ਵਿੱਚ ਸਿੱਖਿਆ ਦੇ ਨਾਲ ਖਾਣਾ ਵੀ ਦਿੱਤਾ ਜਾਂਦਾ ਹੈ। ਪੰਜਾਬੀ ਭਾਸ਼ਾ ਤੋਂ ਇਲਾਵਾ ਉਹ ਅੰਗਰੇਜ਼ੀ ਅਤੇ ਹਿੰਦੀ ਵੀ ਸਕੂਲ ਵਿੱਚ ਵੀ ਸਿੱਖਦੇ ਹਨ।
ਸੋ ਜਿੱਥੇ ਇੱਕ ਪਾਸੇ ਸਾਡੇ ਸਿਆਸਤਦਾਨ ਇੱਕ ਦੇਸ਼ ਇੱਕ ਭਾਸ਼ਾ ਦੇ ਨਾਂਅ ਉੱਤੇ ਦੇਸ਼ ਨੂੰ ਵੰਡਣ ਦੀ ਗੱਲਾਂ ਕਰਦੇ ਹਨ, ਉੱਥੇ ਹੀ ਦੂਜੇ ਪਾਸੇ ਪ੍ਰਵਾਸੀ ਬੱਚਿਆਂ ਨੂੰ ਪੰਜਾਬੀ ਸਿਖਾ ਕੇ ਕੁਲਵਿੰਦਰ ਕੌਰ ਮਿਨਹਾਸ ਨਾ ਸਿਰਫ ਉਨ੍ਹਾਂ ਨੂੰ ਆਤਮ ਨਿਰਭਰ ਬਣਾ ਰਹੀ ਹੈ, ਸਗੋਂ ਹੋਰਨਾਂ ਲਈ ਇੱਕ ਵੱਡੀ ਉਧਾਰ ਨੂੰ ਵੀ ਪੇਸ਼ ਕਰ ਰਹੀ ਹੈ। ਸੋ ਸਾਨੂੰ ਸਾਰਿਆਂ ਨੂੰ ਕੁਲਵਿੰਦਰ ਕੌਰ ਮਿਨਹਾਸ ਤੋਂ ਸੇਧ ਲੈਣ ਦੀ ਲੋੜ ਹੈ।