ਲੁਧਿਆਣਾ : ਬਾਪੂ ਸੂਰਤ ਸਿੰਘ ਖਾਲਸਾ ਨੂੰ ਡੀਐੱਮਸੀ ਹਸਪਤਾਲ ਤੋਂ ਛੁੱਟੀ ਦਿਵਾਉਣ ਲਈ ਲਗਾਤਾਰ ਕੌਮੀ ਇਨਸਾਫ ਮੋਰਚਾ ਉਪਰਾਲੇ ਕਰ ਰਿਹਾ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਨਾਲ ਵੀ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਉੱਥੇ ਹੀ ਬੀਤੀ ਰਾਤ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਨੇ ਡੀਐੱਮਸੀ ਹਸਪਤਾਲ ਦੇ ਬਾਹਰ ਸੁਰੱਖਿਆ ਹੋਰ ਵਧਾ ਦਿੱਤੀ ਹੈ। ਗੇਟ ਦੇ ਬਾਹਰ ਲੁਧਿਆਣਾ ਪੁਲਿਸ ਦੀ ਟੁਕੜੀ ਨਾਲ ਦੰਗਾ ਵਿਰੋਧੀ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਹਾਲਾਂਕਿ 11 ਵਜੇ ਤੱਕ ਕੌਮੀ ਇਨਸਾਫ਼ ਮੋਰਚੇ ਨੇ ਸਾਰਿਆਂ ਨੂੰ ਇਕੱਠੇ ਹੋਣ ਦਾ ਸਮਾਂ ਦਿੱਤਾ ਸੀ ਪਰ ਬੀਤੀ ਰਾਤ ਦੀ ਘਟਨਾ ਤੋਂ ਬਾਅਦ ਕੌਮੀ ਇਨਸਾਫ ਮੋਰਚਾ ਦੋ ਧੜਿਆਂ ਵਿੱਚ ਵੰਡਿਆ ਹੋਇਆ ਵਿਖਾਈ ਦੇ ਰਿਹਾ ਹੈ। ਇੱਕ ਵੱਲੋਂ ਹੰਗਾਮਾ ਕੀਤਾ ਗਿਆ ਜਦਕਿ ਦੂਜਾ ਇਸ ਦੀ ਨਿੰਦਾ ਕਰ ਰਿਹਾ ਹੈ।
ਡੀਐੱਮਸੀ ਬਾਹਰ ਪੁਲਿਸ ਦਾ ਸਖਤ ਪਹਿਰਾ : ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਬਾਹਰ ਜਾਇਜ਼ਾ ਲਿਆ ਗਿਆ ਤਾਂ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸੀਨੀਅਰ ਪੁਲਿਸ ਅਫਸਰ ਮੌਕੇ ਉਤੇ ਮੌਜੂਦ ਹੈ। ਮੀਡੀਆ ਦੀ ਐਂਟਰੀ ਅੰਦਰ ਜਾਣ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਰੀਜ਼ਾਂ ਦੇ ਸਿਰਫ਼ ਰਿਸ਼ਤੇਦਾਰਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਪ੍ਰਾਈਵੇਟ ਗੱਡੀਆਂ ਦੀ ਐਂਟਰੀ ਅੰਦਰ ਬੰਦ ਕਰ ਦਿੱਤੀ ਗਈ ਹੈ। ਸਿਰਫ ਐਂਬੂਲੈਂਸ ਦੀ ਡੀਐੱਮਸੀ ਹਸਪਤਾਲ ਅੰਦਰ ਜਾ ਰਹੀ ਹੈ। ਪੁਲਿਸ ਨੇ ਗੇਟ ਦੇ ਬਾਹਰ ਸਖਤ ਪਹਿਰਾ ਲਗਾ ਦਿੱਤਾ ਹੈ। ਇਸ ਤੋਂ ਇਲਾਵਾ ਡੀਐੱਮਸੀ ਨੂੰ ਜਾਣ ਵਾਲੇ ਰਸਤਿਆਂ ਉਤੇ ਹੀ ਪਾਣੀ ਦੀਆਂ ਬੁਛਾੜਾਂ ਛੱਡਣ ਵਾਲੀ ਗੱਡੀ ਲਿਆਂਦੀ ਗਈ ਹੈ। ਮੌਕੇ ਉਤੇ ਸੀਨੀਅਰ ਪੁਲਿਸ ਅਫਸਰ ਵੀ ਮੌਜੂਦ ਹਨ, ਪਰ ਉਹ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ।
ਇਹ ਵੀ ਪੜ੍ਹੋ : Kaumi Insaaf Morcha: ਡੀਐਮਸੀ ਦੇ ਬਾਹਰ ਲੱਗਣ ਵਾਲੇ ਪੱਕੇ ਮੋਰਚੇ 'ਤੇ ਸਸਪੈਂਸ ਬਰਕਰਾਰ, 2 ਧੜਿਆਂ 'ਚ ਵੰਡਿਆ ਗਿਆ ਮੋਰਚਾ
ਦੋ ਧੜਿਆ ਵਿਚ ਵੰਡਿਆ ਗਿਆ ਮੋਰਚਾ : ਕੌਮੀ ਇਨਸਾਫ ਮੋਰਚਾ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਇਹ ਹੰਗਾਮਾ ਕੀਤਾ ਹੈ, ਉਹ ਯੂਨਾਇਟਡ ਅਕਾਲੀ ਦਲ ਦੇ ਆਗੂ ਹਨ। ਉਨ੍ਹਾਂ ਕਿਹਾ ਜਦੋਂ ਕਿ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਸਾਨੂੰ ਪ੍ਰਸ਼ਾਸਨ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਚੁੱਕੀ ਹੈ। ਅਜਿਹੇ ਵਿੱਚ ਜੋ ਡੀਐੱਮਸੀ ਹਸਪਤਾਲ ਦੇ ਅੰਦਰ ਧਰਨਾ ਦਿੱਤਾ ਜਾ ਰਿਹਾ ਹੈ। ਉਹ ਜਾਰੀ ਰਹੇਗਾ, ਪਰ ਜਿਹੜਾ ਅੱਜ ਵੱਡਾ ਇਕੱਠ ਸੱਦਿਆ ਗਿਆ ਸੀ, ਉਸ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਜਾਣਕਾਰੀ ਸਿਰਫ ਕੌਮੀ ਸਾਹਸ ਮੋਰਚੇ ਨੇ ਫੋਨ ਉਤੇ ਸਾਂਝੀ ਕੀਤੀ ਹੈ। ਹੁਣ ਮੋਰਚਾ ਲੱਗੇਗਾ ਜਾਂ ਨਹੀਂ ਇਸ ਸੰਬੰਧੀ ਸਸਪੈਂਸ ਹਾਲੇ ਤੱਕ ਬਰਕਰਾਰ ਹੈ। ਕੌਮ ਇਨਸਾਫ ਮੋਰਚਾ ਦੋ ਧੜਿਆਂ ਵਿੱਚ ਵੰਡਿਆ ਨਜ਼ਰ ਆ ਰਿਹਾ ਹੈ।