ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ 'ਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਪੀੜਤਾ ਨੇ ਸ਼ਨੀਵਾਰ ਨੂੰ ਲੁਧਿਆਣਾ ਕਮਿਸ਼ਨਰ ਦਫ਼ਤਰ ਦੇ ਬਾਹਰ ਬੈਠ ਕੇ ਇਨਸਾਫ਼ ਦੀ ਮੰਗ ਕੀਤੀ।
ਇਸ ਦੌਰਾਨ ਪੱਤਰਕਾਰਾਂ ਦਾ ਜਮਾਵੜਾ ਵੇਖ ਪੁਲਿਸ ਵੱਲੋਂ ਤੁਰੰਤ ਉਸ ਨੂੰ ਬਿਆਨ ਦਰਜ ਕਰਵਾਉਣ ਲਈ ਜੁਆਇੰਟ ਕਮਿਸ਼ਨਰ ਕੋਲ ਲਿਜਾਇਆ ਗਿਆ ਅਤੇ ਸੁਰੱਖਿਆ ਦਾ ਵੀ ਭਰੋਸਾ ਦਿੱਤਾ। ਪਰ ਦੁਪਹਿਰ ਬਾਅਦ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਦਾ ਹੀ ਤਬਾਦਲਾ ਹੋ ਗਿਆ ਜਿਸ ਨੂੰ ਲੈ ਕੇ ਲਗਾਤਾਰ ਸਿਆਸਤ ਵੀ ਗਰਮਾਈ ਹੋਈ ਹੈ।
ਪੀੜਤਾ ਨੇ ਕਿਹਾ ਕਿ ਕਈ ਦਿਨ ਬੀਤ ਜਾਣ ਮਗਰੋਂ ਵੀ ਜਦੋਂ ਪੁਲਿਸ ਨੇ ਐਫ.ਆਈ.ਆਰ. ਦਰਜ ਨਹੀਂ ਕੀਤੀ ਤਾਂ ਮਜਬੂਰਨ ਉਸ ਨੂੰ ਕਮਿਸ਼ਨਰ ਦਫਤਰ ਅੱਗੇ ਆ ਕੇ ਬੈਠਣਾ ਪਿਆ। ਪੀੜਤਾ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਅਣਪਛਾਤੇ ਨੰਬਰਾਂ ਤੋਂ ਧਮਕੀਆਂ ਵੀ ਮਿਲ ਰਹੀਆਂ ਹਨ ਕਿ ਉਹ ਆਪਣੇ ਬੱਚਿਆਂ ਨੂੰ ਬਾਹਰ ਨਾ ਨਿਕਲਣ ਦੇਵੇ।
ਪੀੜਤਾ ਨੇ ਇਹ ਵੀ ਕਿਹਾ ਕਿ ਉਸ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਉਸ ਨੂੰ ਹੁਣ ਇਨਸਾਫ਼ ਦੀ ਆਸ ਬੱਜੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਤੌਰ 'ਤੇ ਉਸ ਨੂੰ ਇੱਕ ਮਹਿਲਾ ਪੁਲਿਸ ਮੁਲਾਜ਼ਮ ਸਣੇ ਦੋ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਏ ਗਏ ਹਨ। ਦੂਜੇ ਪਾਸੇ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤਾ ਤੋਂ ਪੂਰੇ ਸਬੂਤ ਲਏ ਗਏ ਹਨ ਅਤੇ ਉਸ ਦੇ ਮੁਤਾਬਕ ਹੀ ਜਾਂਚ ਅੱਗੇ ਕੀਤੀ ਜਾ ਰਹੀ ਹੈ।