ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਢੀਂਡਸਾ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਕਿ ਭਾਰਤੀ ਫ਼ੌਜ ਵਿੱਚ ਬਤੌਰ ਨਾਇਕ ਡਿਊਟੀ ਨਿਭਾਅ ਰਿਹਾ ਸੀ, ਡਿਊਟੀ ਦੌਰਾਨ ਹੀ ਲਾਪਤਾ ਹੋ ਗਿਆ ਹੈ।
ਪਿੰਡ ਢੀਂਡਸਾ ਦਾ ਰਹਿਣ ਵਾਲਾ ਪਲਵਿੰਦਰ ਸਿੰਘ ਜੋ ਕਿ ਕਾਰਗਿਲ ਵਿਖੇ ਡਿਊਟੀ ਦੌਰਾਨ ਆਪਣੇ ਇੱਕ ਅਫ਼ਸਰ ਨਾਲ ਜਾ ਰਿਹਾ ਸੀ, ਉਦੋਂ ਅਚਾਨਕ ਹੀ ਉਨ੍ਹਾਂ ਦੀ ਫ਼ੌਜੀ ਜੀਪ ਪਲਟ ਗਈ ਅਤੇ ਵਹਿ ਰਹੀ ਨਦੀ ਵਿੱਚ ਡਿੱਗ ਗਈ।
ਨਾਈਕ ਪਲਵਿੰਦਰ ਸਿੰਘ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਜੂਨ ਨੂੰ ਜੀਪ ਪਾਣੀ ਵਿੱਚ ਡਿੱਗੀ ਸੀ ਤੇ ਤਿੰਨ-ਚਾਰ ਦਿਨਾਂ ਬਾਅਦ ਜੀਪ ਤਾਂ ਨਦੀ ਵਿੱਚੋਂ ਬਹਾਰ ਕੱਢ ਲਈ ਗਈ ਪਰ ਪਲਵਿੰਦਰ ਸਿੰਘ ਅਤੇ ਉਸ ਦੇ ਅਫਸਰ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ।
ਇਸ ਕਾਰਨ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਜਲਦ ਸਾਡੇ ਬੱਚੇ ਨੂੰ ਲੱਭਿਆ ਜਾਵੇ। ਪਰਿਵਾਰ ਦੀ ਸਰਕਾਰ ਤੋਂ ਮੰਗ ਹੈ ਕਿ ਜੇ ਉਨ੍ਹਾਂ ਦੇ ਬੱਚਾ ਨਹੀਂ ਲੱਭਦਾ ਹੈ ਤਾਂ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪਰਿਵਾਰ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀ ਜਾਣ।
ਉੱਥੇ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਨਾਇਕ ਪਲਵਿੰਦਰ ਸਿੰਘ ਦੇ ਮਾਮਾ ਨੇ ਗੁਹਾਰ ਲਾਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਖ਼ਾਸ ਤੌਰ ਉੱਤੇ ਦਿਲਚਸਪੀ ਲੈਣ ਦੇ ਲਈ ਕਿਹਾ ਹੈ, ਕਿਉਂਕਿ ਉਹ ਖ਼ੁਦ ਵੀ ਇੱਕ ਫ਼ੌਜੀ ਕੈਪਟਨ ਸਨ।
ਨਾਇਕ ਦੇ ਮਾਂ ਨੇ ਦੱਸਿਆ ਕਿ ਹਾਦਸੇ ਤੋਂ ਕੁੱਝ ਦਿਨ ਪਹਿਲਾਂ ਹੀ ਪਲਵਿੰਦਰ ਸਿੰਘ ਦਾ ਫ਼ੋਨ ਆਇਆ ਸੀ ਜੋ ਕਿ ਉਸ ਦਾ ਆਪ੍ਰੇਰਸ਼ਨ ਕਰਵਾਉਣ ਦੀ ਗੱਲ ਕਰ ਰਿਹਾ ਸੀ, ਪਰ ਅਚਾਨਕ ਹੀ ਇਹ ਹਾਦਸਾ ਵਾਪਰ ਗਿਆ। ਮਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦਾ ਬੇਟਾ ਡਿਊਟੀ ਦੌਰਾਨ ਲਾਪਤਾ ਹੋਇਆ ਹੈ, ਇਸ ਲਈ ਉਸ ਨੂੰ ਸ਼ਹੀਦ ਦਰਜਾ ਦਿੱਤਾ ਜਾਵੇ ਅਤੇ ਸ਼ਹੀਦਾਂ ਦੇ ਸਰਕਾਰੀ ਹੱਕ ਵੀ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਜਾਣ।