ਲੁਧਿਆਣਾ: ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਜਵਾਨ ਗੁਰਮੁੱਖ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਝੋਰੜਾਂ ਦਾ ਜਨਮ 24 ਅਗਸਤ 1966 ਵਿੱਚ ਹੋਇਆ ਸੀ। ਗੁਰਮੁੱਖ ਸਿੰਘ ਪੰਜ ਭਰਾਵਾਂ ਤੇ ਇੱਕ ਭੈਣ 'ਚੋਂ ਸਭ ਤੋਂ ਛੋਟਾ ਹੋਣ ਦੇ ਬਾਵਜੂਦ ਪੂਰੇ ਪਰਿਵਾਰ ਨੂੰ ਇੱਕ ਵੱਡੇ ਵਾਂਗ ਬੰਨ੍ਹ ਕੇ ਰੱਖ ਰਿਹਾ ਸੀ। ਮਿਹਨਤਕਸ ਕਿਸਾਨ ਪਰਿਵਾਰ ਨਾਲ ਸਬੰਧਿਤ ਗੁਰਮੁੱਖ ਨੂੰ ਬਚਪਨ ਤੋਂ ਕਬੱਡੀ ਆਦਿ ਖੇਡਾਂ ਵਿਚ ਦਿਲਚਸਪੀ ਸੀ ਅਤੇ 1988 ਵਿੱਚ ITPB ਵਿੱਚ ਭਰਤੀ ਹੋ ਗਿਆ ਸੀ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਮਿਹਨਤ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਈ ਅਤੇ ਇਸ ਮਿਹਨਤ ਸਦਕਾ ਹੀ ਉਸਨੂੰ ਏਐੱਸਆਈ ਵਜੋਂ ਤਰੱਕੀ ਮਿਲ ਗਈ ਸੀ। ਗੁਰਮੁੱਖ ਸਿੰਘ ITPB ਵਿੱਚ ਜੂਡੋ ਖਿਡਾਰੀ ਵਜੋਂ ਵੀ ਚੰਗਾ ਨਾਮਣਾ ਖੱਟ ਰਿਹਾ ਸੀ।
ਗੁਰਮੁੱਖ ਸਿੰਘ ਬੀਤੇ ਦਿਨੀਂ ਸ਼ੁੱਕਰਵਾਰ ਨੂੰ ਨਕਸਲ ਪ੍ਰਭਾਵਿਤ ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ਅਧੀਨ ਪੈਂਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਹਮਲੇ ਵਿੱਚ ਅਸਿਸਟੈਂਟ ਕਮਾਂਡੈਂਟ ਸੁਧਾਕਰ ਸ਼ਿੰਦੇ ਸਮੇਤ ਸ਼ਹਾਦਤ ਦਾ ਜਾਮ ਪੀ ਗਿਆ। ਜਵਾਨ ਦੀ ਸ਼ਹਾਦਤ ਦੀ ਸੂਚਨਾ ITPB ਦੇ ਅਧਿਕਾਰੀਆਂ ਵੱਲੋਂ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 4 ਵਜੇ ਪਿੰਡ ਦੇ ਸਰਪੰਚ ਨੂੰ ਫੋਨ 'ਤੇ ਦਿੱਤੀ ਗਈ।
ਗੁਰਮੁੱਖ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਪੂਰਾ ਪਰਿਵਾਰ ਅਤੇ ਉਸਦੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ਼ਹੀਦ ਗੁਰਮੁੱਖ ਸਿੰਘ ਦੇ ਪਰਿਵਾਰ ਤੇ ਪਿੰਡਵਾਸੀਆਂ ਨੇ ਗੁਰਮੁੱਖ ਸਿੰਘ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਗੁਰਮੁਖ ਸਿੰਘ ਨੇ ਸਾਰਾਗੜ੍ਹੀ ਦੇ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੀ ਵਿਰਾਸਤ ਨੂੰ ਕਾਇਮ ਰੱਖਿਆ ਅਤੇ ਆਪਣੇ ਨਗਰ ਦਾ ਨਾਂ ਦੇਸ਼ ਦੁਨੀਆ ਵਿੱਚ ਉੱਚਾ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਹੀਦ ਗੁਰਮੱਖ ਸਿੰਘ ਦੀ ਮ੍ਰਿਤਕ ਦੇਹ ਪਹੁੰਚਣ 'ਤੇ 22 ਅਗਸਤ, ਦਿਨ ਐਤਵਾਰ ਨੂੰ ਦੁਪਹਿਰ 11 ਵਜੇ ਦੇ ਕਰੀਬ ਉਸ ਦੇ ਜੱਦੀ ਪਿੰਡ ਝੋਰੜਾਂ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਸ਼ਹੀਦ ਸਿਪਾਹੀ ਲਵਪ੍ਰੀਤ ਸਿੰਘ ਦੇ ਪਰਿਵਾਰ ਲਈ ਕੀਤਾ ਇਹ ਐਲਾਨ