ਚੰਡੀਗੜ੍ਹ ਡੈਸਕ : ਜਲੰਧਰ ਦਿਹਾਤੀ ਪੁਲਿਸ ਨੇ ਲੁਧਿਆਣਾ ਦੇ ਤੀਹਰੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਕਾਤਲ ਨੂੰ ਪਿੰਡ ਰਾਮਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰੇਮ ਚੰਦ ਉਰਫ ਮਿਥੁਨ ਵਾਸੀ ਪਿੰਡ ਅਖਾਣਾ ਦੀਨਾ ਨਗਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਮੁਲਜ਼ਮ ਨਸ਼ੇ ਦਾ ਆਦੀ ਹੈ ਤੇ ਨਸ਼ੇ ਵਾਸਤੇ ਕਿਸੇ ਵੀ ਹੱਦ ਤਕ ਜਾ ਸਕਦਾ ਹੈ, ਇਹ ਖੁਲਾਸਾ ਪੁਲਿਸ ਨੇ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਕਤ ਮੁਲਜ਼ਮ ਨਸ਼ੇ ਦੀ ਪੂਰਤੀ ਵਾਸਤੇ ਲੁੱਟਾਂ-ਖੋਹਾਂ ਤੇ ਚੋਰੀਆਂ ਕਰਦਾ ਸੀ। ਉਸ ਖ਼ਿਲਾਫ਼ ਪਹਿਲਾਂ ਵੀ ਕਤਲ ਅਤੇ ਚੋਰੀ ਦੇ ਕੇਸ ਦਰਜ ਹਨ।
ਮੁਲਜ਼ਮ ਖ਼ਿਲਾਫ਼ 8 ਕੇਸ ਦਰਜ: ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਫਿਲੌਰ ਵਿੱਚ ਦੋ ਕੇਸ ਦਰਜ ਹਨ। ਉਸ ਕੋਲੋਂ ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ। ਮੁਲਜ਼ਮ ਖ਼ਿਲਾਫ਼ ਹੁਣ ਤੱਕ 8 ਕੇਸ ਦਰਜ ਹਨ, ਜਿਸ ਵਿੱਚੋਂ 4 ਮਾਮਲੇ ਦੀਨਾਨਗਰ, 2 ਲਾਡੋਵਾਲ ਅਤੇ 2 ਫਿਲੌਰ ਦੇ ਹਨ। ਮੁਲਜ਼ਮ ਨੇ ਤੀਹਰੇ ਕਤਲ ਤੋਂ ਦੋ ਦਿਨ ਪਹਿਲਾਂ 18 ਮਈ ਨੂੰ ਵੀ ਇਕ ਕਤਲ ਨੂੰ ਅੰਜਾਮ ਦਿੱਤਾ ਸੀ। ਦੀਨਾਨਗਰ 'ਚ ਬਜ਼ੁਰਗ ਔਰਤ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਘਰੋਂ ਸੋਨਾ ਅਤੇ ਨਕਦੀ ਲੁੱਟ ਲਈ। ਇਸ ਤੋਂ ਬਾਅਦ ਔਰਤ ਦੀ ਲਾਸ਼ ਗਟਰ ਵਿੱਚ ਸੁੱਟ ਦਿੱਤੀ, ਜਿਸ ਤੋਂ ਬਾਅਦ ਇਹ ਦੀਨਾਨਗਰ ਪੁਲਿਸ ਨੂੰ ਵੀ ਲੋੜੀਂਦਾ ਸੀ।
ਤੀਹਰੇ ਕਤਲ ਕਾਂਡ ਨੂੰ ਕਿਵੇਂ ਦਿੱਤਾ ਅੰਜਾਮ: 20 ਮਈ ਨੂੰ ਨੂਰਪੁਰ ਬੇਟ ਵਿੱਚ ਸੇਵਾਮੁਕਤ ਏਐਸਆਈ ਕੁਲਦੀਪ ਸਿੰਘ ਦੀ ਕੋਠੀ ਵਿੱਚ ਮੁਲਜ਼ਮ ਗੇਟ ਰਾਹੀਂ ਦਾਖ਼ਲ ਹੋਇਆ। ਗੇਟ ਖੁੱਲ੍ਹਣ ਦੀ ਅਵਾਜ਼ ਤੋਂ ਏਐਸਆਈ ਕੁਲਦੀਪ ਸਿੰਘ ਉੱਠ ਕੇ ਬਾਹਰ ਆਇਆ ਤਾਂ ਉਕਤ ਮੁਲਜ਼ਮ ਪੌੜੀ ਹੇਠਾਂ ਲੁਕ ਗਿਆ। ਇਸ ਤੋਂ ਬਾਅਦ ਜਿਵੇਂ ਹੀ ਕੁਲਦੀਪ ਆਪਣੇ ਕਮਰੇ 'ਚ ਜਾਣ ਲੱਗਾ ਤਾਂ ਘਰ 'ਚ ਪਈ ਲੋਹੇ ਦੀ ਰਾਡ ਨਾਲ ਉਸ ਦੇ ਸਿਰ 'ਤੇ ਵਾਰ ਕੀਤਾ ਤੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਹੀ ਉਸ ਨੇ ਅਗਲੇ ਕਮਰੇ ਵਿਚ ਸੁੱਤੇ ਪਏ ਕੁਲਦੀਪ ਦੇ ਲੜਕੇ ਗੁਰਵਿੰਦਰ ਅਤੇ ਪਤਨੀ ਪਰਮਜੀਤ ਕੌਰ 'ਤੇ ਰਾਡ ਨਾਲ ਵਾਰ ਉਤੇ ਵਾਰ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਘਰੋਂ ਰਿਵਾਲਵਰ ਲੈ ਗਿਆ। ਗਹਿਣੇ ਅਤੇ ਮੋਟਰਸਾਈਕਲ ਚੋਰੀ ਕਰ ਲਿਆ।
- Khelo India University Games: ਪੰਜਾਬ ਯੂਨੀਵਰਸਿਟੀ ਪਹਿਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਹੀ ਦੂਜੇ ਨੰਬਰ 'ਤੇ
- CM ਮਾਨ ਦਾ ਫਿਰ ਤੱਤਾ ਟਵੀਟ-'ਜਦੋਂ ਹੋ ਜਾਣ ਇਕੱਠੇ...ਸ਼ਹੀਦਾਂ ਦੀਆਂ ਯਾਦਗਾਰਾਂ 'ਚੋਂ ਪੈਸੇ ਕਮਾਉਣ ਵਾਲੇ, ਇਹਨੂੰ ਕਹਿੰਦੇ ਨੇ...ਇੱਕੋ ਥਾਲੀ ਦੇ ਚੱਟੇ-ਵੱਟੇ'
- Summer Holidays: ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇਵੇਗੀ "ਹੋਮਵਰਕ", ਸੂਬਾ ਸਰਕਾਰ ਦੀ ਪਹਿਲਕਦਮੀ
ਕਤਲ ਤੋਂ ਬਾਅਦ ਪਹੁੰਚਿਆ ਤਲਵੰਡੀ: ਤੀਹਰੇ ਕਤਲ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮਿਥੁਨ ਲਾਡੋਵਾਲ ਥਾਣੇ ਤੋਂ ਥੋੜੀ ਦੂਰ ਪਿੰਡ ਤਲਵੰਡੀ ਦੇ ਇੱਕ ਘਰ ਵਿੱਚ ਚਿੱਟਾ ਖਰੀਦਣ ਗਿਆ ਸੀ। ਪਹਿਲਾਂ ਵੀ ਉਹ ਰਵਿੰਦਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਜਾ ਕੇ ਨਸ਼ਾ ਕਰਦਾ ਸੀ। ਉਕਤ ਮੁਹੱਲੇ 'ਚ ਮੁਲਜ਼ਮ ਔਰਤ ਤੋਂ ਕਰੀਬ 20 ਗ੍ਰਾਮ ਚਿੱਟਾ (ਹੈਰੋਇਨ) ਖੋਹ ਕੇ ਹਵਾ 'ਚ ਫਾਇਰਿੰਗ ਕਰਦੇ ਹੋਏ ਫ਼ਰਾਰ ਹੋ ਗਿਆ।
ਗੜ੍ਹਾ ਪਿੰਡ ਵਿੱਚ ਵੀ ਕੀਤੀ ਚੋਰੀ: ਇਸ ਤੋਂ ਬਾਅਦ ਚੋਰੀ ਦੇ ਬਾਈਕ 'ਤੇ ਮਿਥੁਨ ਨਸ਼ੇ ਦੀ ਹਾਲਤ ਵਿੱਚ ਗੜ੍ਹਾ ਪਿੰਡ ਵਿੱਚ ਉਸ ਦੀ ਭੈਣ ਕੋਲ ਰੁਕਿਆ। ਦੂਜੇ ਦਿਨ ਉਹ ਭੈਣ ਦੇ ਘਰ ਨੇੜੇ ਬਲਜੀਤ ਕੌਰ ਨਾਂ ਦੀ ਔਰਤ ਦੇ ਘਰ ਦਾਖਲ ਹੋਇਆ, ਜਦੋਂ ਔਰਤ ਉੱਠੀ ਤਾਂ ਉਸ ਨੇ ਲੱਕੜ ਦੇ ਡੰਡੇ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ’ਤੇ ਬਲਜੀਤ ਕੌਰ ਨੇ ਰੌਲਾ ਪਾ ਕੇ ਆਪਣੀ ਸਹੇਲੀ ਨੂੰ ਬੁਲਾ ਲਿਆ। ਮੁਲਜ਼ਮ ਦੋਵਾਂ ਔਰਤਾਂ ’ਤੇ ਹਮਲਾ ਕਰ ਕੇ ਫ਼ਰਾਰ ਹੋ ਗਿਆ।
ਲੁਧਿਆਣਾ ਤੋਂ ਦਿੱਲੀ ਪਹੁੰਚਿਆ : ਔਰਤਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਹ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋ ਗਿਆ। ਦੋ ਦਿਨ ਉਹ ਦਿੱਲੀ ਵਿਚ ਰਿਹਾ। ਦਿੱਲੀ ਪੁਲਿਸ ਉਨ੍ਹਾਂ ਲੋਕਾਂ ਤੋਂ ਵੀ ਪੁੱਛਗਿੱਛ ਕਰੇਗੀ, ਜਿਨ੍ਹਾਂ ਕੋਲ ਮੁਲਜ਼ਮ ਠਹਿਰਿਆ ਸੀ। ਮੁਲਜ਼ਮ ਕੋਲੋਂ ਇੱਕ ਟੁੱਟਿਆ ਹੋਇਆ ਮੋਬਾਈਲ ਵੀ ਬਰਾਮਦ ਹੋਇਆ ਹੈ, ਜਿਸ ਨੂੰ ਪੁਲਿਸ ਵੱਲੋਂ ਫੋਰੈਂਸਿਕ ਵਿਭਾਗ ਨੂੰ ਭੇਜਿਆ ਜਾਵੇਗਾ।
ਚੋਰੀ ਕਰਦਿਆਂ ਲੋਕਾਂ ਨੇ ਕੀਤਾ ਕਾਬੂ : ਦਿੱਲੀ ਤੋਂ ਵਾਪਸ ਆ ਕੇ ਮੁਲਜ਼ਮ ਤਲਵੰਡੀ ਵਿਖੇ ਰੁਕਿਆ ਤੇ ਇਥੋਂ ਨਿਕਲਣ ਮਗਰੋਂ ਉਹ ਟੋਲ ਪਲਾਜ਼ਾ ਪਹੁੰਚਿਆ, ਜਿਥੇ ਉਸ ਨੇ ਇਕ ਮੋਟਰਸਾਈਕਲ ਚੋਰੀ ਕੀਤਾ। ਇਸ ਚੋਰੀ ਤੋਂ ਬਾਅਦ ਜਦੋਂ ਉਹ ਰਾਮਗੜ੍ਹ ਪਿੰਡ ਵਿਖੇ ਇਕ ਧਾਰਮਿਕ ਸਥਾਨ ਤੋਂ ਚੋਰੀ ਕਰਨ ਲੱਗਾ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਨੇ ਕਿਹਾ ਕਿ ਉਹ ਨਸ਼ੇ ਦੀ ਪੂਰਤੀ ਵਾਸਤੇ ਚੋਰੀਆਂ ਕਰਦਾ ਹੈ। ਲੋਕਾਂ ਨੇ ਉਸ ਨੂੰ ਪੁਲਿਸ ਹਵਾਲੇ ਕੀਤਾ ਤਾਂ ਰਿਮਾਂਡ ਦੌਰਾਨ ਉਸ ਨੇ ਤੀਹਰੇ ਕਤਲ ਕੇਸ ਦਾ ਖੁਲਾਸਾ ਕੀਤਾ।