ਲੁਧਿਆਣਾ: ਸਾਊਦੀ ਅਰਬ ਦੇ ਰਿਆਦ 'ਚ ਬੀਤੀ 28 ਫਰਵਰੀ ਨੂੰ ਦੋ ਪੰਜਾਬੀਆਂ ਨੂੰ ਮੌਤ ਦੀ ਸਜ਼ਾ ਸੁਣਾ ਕੇ ਉਨ੍ਹਾਂ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਹਰਜੀਤ ਸਿੰਘ ਲੁਧਿਆਣਾ ਦੇ ਨਾਲ ਲੱਗਦੇ ਸਮਰਾਲਾ ਦੇ ਪਿੰਡ ਕੁੱਬੇ ਦਾ ਰਹਿਣ ਵਾਲਾ ਸੀ। ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਇਨ੍ਹਾਂ ਦੋਵਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜਿਸ ਤੋਂ ਬਾਅਦ ਪਰਿਵਾਰ ਸਦਮੇ 'ਚ ਹੈ ਅਤੇ ਸਰਕਾਰ 'ਤੇ ਅਣਗਹਿਲੀ ਦਾ ਇਲਜ਼ਾਮ ਲਗਾ ਰਿਹਾ ਹੈ।
ਹਰਜੀਤ ਆਪਣੇ ਪਰਿਵਾਰ 'ਚ ਇੱਕੋ-ਇੱਕ ਕਮਾਉਣ ਵਾਲਾ ਸੀ। ਉਸ ਦੇ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਉਹ ਹੁਣ ਕਦੇ ਵਾਪਸ ਹੀ ਨਹੀਂ ਆਵੇਗਾ। ਹਰਜੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਛੇ ਸਾਲ ਪਹਿਲਾਂ ਉਹ ਰਿਆਦ ਗਿਆ ਸੀ ਪਰ ਕਿਸੇ ਲੜਾਈ-ਝਗੜੇ ਦੇ ਮਾਮਲੇ 'ਚ ਉਸ ਨੂੰ ਉੱਥੇ ਜੇਲ੍ਹ ਹੋ ਗਈ ਅਤੇ ਵਾਰ-ਵਾਰ ਸਰਕਾਰਾਂ ਅਤੇ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਨ ਦੇ ਬਾਵਜੂਦ ਉਹ ਉਸ ਨੂੰ ਉੱਥੋਂ ਵਾਪਸ ਨਹੀਂ ਲਿਆ ਸਕੇ। ਪਰਿਵਾਰ ਦਾ ਇਲਜ਼ਾਮ ਹੈ ਕਿ ਵਿਦੇਸ਼ ਮੰਤਰਾਲੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਜੇ ਸਮਾਂ ਰਹਿੰਦਿਆਂ ਉਹ ਸਾਰ ਲੈ ਲੈਂਦੇ ਤਾਂ ਸ਼ਾਇਦ ਉਨ੍ਹਾਂ ਦਾ ਪੁੱਤ ਵਾਪਸ ਆ ਸਕਦਾ ਸੀ।
ਜ਼ਿਕਰਯੋਗ ਹੈ ਕਿ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਹਰਜੀਤ ਅਤੇ ਸਤਵਿੰਦਰ ਉੱਥੇ ਲੁੱਟਾਂ ਖੋਹਾਂ ਕਰਦੇ ਸਨ ਪਰ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ। ਅਕਸਰ ਰੋਜ਼ੀ ਰੋਟੀ ਲਈ ਵਿਦੇਸ਼ਾਂ ਦਾ ਰੁਖ ਕਰਨ ਵਾਲੇ ਪੰਜਾਬ ਦੇ ਨੌਜਵਾਨ ਆਪਣੀ ਜਾਨ ਗਵਾਉਂਦੇ ਰਹਿੰਦੇ ਹਨ ਲੋੜ ਹੈ ਕਿ ਅਜਿਹੇ ਨੌਜਵਾਨਾਂ ਦੀ ਸਾਰ ਲਈ ਜਾਵੇ ਅਤੇ ਪਰਿਵਾਰਕ ਮੈਂਬਰਾਂ ਦੀ ਬਾਂਹ ਫੜੀ ਜਾਵੇ ਤਾਂ ਜੋ ਉਹ ਆਰਥਕ ਤੰਗੀ ਤੋਂ ਉੱਭਰ ਸਕਣ।