ਲੁਧਿਆਣਾ: ਕਰਾਈਮ ਬਰਾਂਚ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਅੰਤਰਰਰਾਜੀ ਕਾਰ ਚੋਰ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮ ਬਾਹਰਲੇ ਸੂਬਿਆਂ ਤੋਂ ਗੱਡੀਆਂ ਚੋਰੀ ਕਰਕੇ ਅਤੇ ਫ਼ਰਜ਼ੀ ਨੰਬਰ ਰਜਿਸਟਰ ਕਰਵਾ ਕੇ ਭੋਲੇ ਭਾਲੇ ਲੋਕਾਂ ਨੂੰ ਵੇਚ ਦਿੰਦੇ ਸਨ। ਫੜ੍ਹੇ ਗਏ ਦੋਵੇਂ ਕਥਿਤ ਦੋਸ਼ੀਆਂ ਕੋਲੋਂ 10 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਪ੍ਰੈਸ ਕਾਨਫ਼ਰੰਸ ਦੌਰਾਨ ਡੀਸੀਪੀ (ਡੀ) ਐਸਪੀਐਸ ਢੀਂਡਸਾ ਨੇ ਨੇ ਦੱਸਿਆ ਕਿ ਇਹ ਗਿਰੋਹ ਵੱਖ-ਵੱਖ ਸੂਬਿਆਂ ਵਿੱਚੋਂ ਗੱਡੀਆਂ ਚੋਰੀ ਕਰਕੇ ਪੰਜਾਬ ਵਿੱਚ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਗਿਰੋਹ ਵਿੱਚ 5 ਮੈਂਬਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਦੋ ਜਣੇ ਗੁਰਵੰਤ ਵੀਰ ਸਿੰਘ ਅਤੇ ਤਰੁਣ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ 3 ਹੋਰ ਮੈਂਬਰਾਂ ਮੋਨੂੰ ਚੌਹਾਨ ਹਰਿਆਣਾ, ਅਵਤਾਰ ਸਿੰਘ ਅਤੇ ਆਤਿਕ ਹੁਸੈਨ ਖਰੜ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਵਤਾਰ ਸਿੰਘ ਗਿਰੋਹ ਦਾ ਸਰਗਨਾ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਗਿਰੋਹ ਪਹਿਲਾਂ ਗੱਡੀ ਚੋਰੀ ਕਰਦਾ ਸੀ। ਫਿਰ ਕਥਿਤ ਦੋਸ਼ੀ ਆਪਣੀ ਜਾਅਲੀ ਸ਼ਨਾਖਤ ਬਣਾ ਕੇ ਅਤੇ ਗੱਡੀਆਂ ਦੇ ਨਕਲੀ ਕਾਗਜ਼ਾਤ ਤਿਆਰ ਕਰਕੇ ਬੈਂਕਾਂ ਤੋਂ ਫ਼ਾਈਨੈਂਸ ਕਰਵਾਉਂਦੇ ਸਨ ਅਤੇ ਅੱਗੇ ਭੋਲੇ-ਭਾਲੇ ਲੋਕਾਂ ਨੂੰ ਵੇਚ ਦਿੰਦੇ ਸਨ। ਗੱਡੀਆਂ ਵੇਚਣ ਲਈ ਇਸ਼ਤਿਹਾਰ ਵੀ ਆਨਲਾਈਨ ਦਿੱਤਾ ਜਾਂਦਾ ਸੀ ਅਤੇ ਮਹਿੰਗੀਆਂ ਗੱਡੀਆਂ ਹੋਣ ਕਰਕੇ ਲੋਕ ਛੇਤੀ ਝਾਂਸੇ ਵਿੱਚ ਆ ਜਾਂਦੇ ਸਨ।
ਡੀਸੀਪੀ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਤੋਂ 10 ਗੱਡੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੱਡੀਆਂ ਦੀ ਕੀਮਤ 10 ਲੱਖ ਰੁਪਏ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਗਿਰੋਹ ਦੇ ਹੋਰ ਮੈਂਬਰਾਂ ਅਤੇ ਚੋਰੀਆਂ ਬਾਰੇ ਸੁਰਾਗ਼ ਲੱਗ ਸਕੇ।