ਲੁਧਿਆਣਾ: ਇੱਕ ਪਾਸੇ ਪੰਜਾਬ ਸਰਕਾਰ ਨੇ ਸੂਬੇ ਦੇ ਆਖਰੀ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਦਾਅਵਾ ਕੀਤਾ ਹੈ ਦੂਜੇ ਪਾਸੇ ਨਹਿਰੀ ਮਹਿਕਮੇ ਦੀ ਲਾਪਰਵਾਹੀ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ 'ਚ ਹੀ ਕਿਸਾਨਾਂ ਉਪਰ ਭਾਰੀ ਪੈਣ ਲੱਗੀ ਹੈ। ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਸਮਰਾਲਾ ਦੇ ਪਿੰਡ ਮਹਿਦੂਦਾਂ ਵਿਖੇ ਨਹਿਰੀ ਮਹਿਕਮੇ ਦੀ ਲਾਪਰਵਾਹੀ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਰਜਵਾਹਾ ਟੁੱਟਣ ਨਾਲ ਕਈ ਏਕੜ ਝੋਨੇ ਦੀ ਫਸਲ ਡੁੱਬ ਗਈ। ਮਹਿਦੂਦਾਂ ਪਿੰਡ ਵਿਖੇ ਰੇਲਵੇ ਲਾਈਨ ਨੇੜੇ ਰਜਵਾਹਾ ਟੁੱਟਿਆ। ਜਿਸ ਕਾਰਨ ਖੇਤਾਂ ਵਿੱਚ ਨਹਿਰੀ ਪਾਣੀ ਭਰ ਗਿਆ। ਕਈ ਏਕੜ ਵਿੱਚ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ।
ਇਸ ਘਟਨਾਕ੍ਰਮ ਵਿੱਚ ਜਿੱਥੇ ਨਹਿਰੀ ਮਹਿਕਮੇ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ, ਉੱਥੇ ਹੀ ਹਾਲ ਹੀ ਵਿੱਚ ਰਜਵਾਹਾ ਪੱਕਾ ਕਰਨ ਦੀ ਉਸਾਰੀ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਕਿਸਾਨ ਗੁਰਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਹਿਰੀ ਮਹਿਕਮੇ ਵੱਲੋਂ ਹਾਲ ਹੀ ਵਿੱਚ ਕੱਚੇ ਰਜਵਾਹੇ ਨੂੰ ਪੱਕਾ ਕੀਤਾ ਗਿਆ। ਇਸ ਵਾਰ ਪਹਿਲੀ ਵਾਰ ਪੱਕੇ ਰਜਵਾਹੇ ਵਿੱਚ ਨਹਿਰੀ ਪਾਣੀ ਛੱਡਿਆ ਗਿਆ। ਰਜਵਾਹੇ ਦੀਆਂ ਸੀਮਿੰਟ ਦੀਆਂ ਸਲੈਬਾਂ ਪਾਣੀ ਨਾਲ ਟੁੱਟ ਗਈਆਂ। ਜਿਸ ਕਾਰਨ ਨਹਿਰੀ ਪਾਣੀ ਖੇਤਾਂ ਵਿੱਚ ਚਲਾ ਗਿਆ। ਇਸ ਕਾਰਨ ਕਾਫੀ ਬਰਬਾਦੀ ਹੋਈ। ਇਹ ਨਹਿਰੀ ਵਿਭਾਗ ਦੀ ਲਾਪ੍ਰਵਾਹੀ ਹੈ। ਇਸ ਨਾਲ ਕਿਸਾਨਾਂ ਦੀ ਮਿਹਨਤ ਉਪਰ ਪਾਣੀ ਫਿਰਿਆ ਹੈ। ਝੋਨੇ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ। ਹੁਣ ਇਸ ਨੂੰ ਦੁਬਾਰਾ ਲਗਾਉਣ ਨਾਲ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਬਿਜਾਈ ਦਾ ਵੀ ਖ਼ਤਰਾ ਹੈ। ਸਰਕਾਰ ਨੂੰ ਇਸ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।
ਘਟੀਆ ਮਟੀਰੀਅਲ ਵਰਤਣ ਦਾ ਦੋਸ਼: ਕਿਸਾਨਾਂ ਨੇ ਕਿਹਾ ਕਿ ਹਾਲੇ ਥੋੜ੍ਹੇ ਸਮੇਂ ਪਹਿਲਾਂ ਹੀ ਸਰਕਾਰੀ ਯੋਜਨਾ ਅਧੀਨ ਕੱਚੇ ਰਜਵਾਹੇ ਨੂੰ ਪੱਕਾ ਕੀਤਾ ਗਿਆ। ਸੀਮਿੰਟ ਦੀਆਂ ਸਲੈਬਾਂ ਲਗਾ ਕੇ ਇਸ ਨੂੰ ਬੰਦ ਕੀਤਾ ਗਿਆ। ਪਹਿਲੀ ਵਾਰ ਜਦੋਂ ਨਹਿਰੀ ਪਾਣੀ ਛੱਡਿਆ ਗਿਆ ਤਾਂ ਨਿਰਮਾਣ ਕੰਮ ਦੀ ਪੋਲ ਖੁੱਲ੍ਹ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਰਜਵਾਹੇ ਦੀ ਉਸਾਰੀ ਵਿੱਚ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਕਿਉਂਕਿ ਪਹਿਲੀ ਵਾਰ ਪਾਣੀ ਛੱਡਣ ਨਾਲ ਹੀ ਸੀਮਿੰਟ ਦੀਆਂ ਸਲੈਬਾਂ ਟੁੱਟ ਗਈਆਂ। ਜੋੜ ਵੀ ਲੀਕ ਹੋ ਗਏ। ਆਉਣ ਵਾਲੇ ਦਿਨਾਂ 'ਚ ਲਗਾਤਾਰ ਪਾਣੀ ਚੱਲਣ ਨਾਲ ਕੀ ਹੋਵੇਗਾ, ਇਸ ਦਾ ਅੰਦਾਜ਼ਾ ਖੁਦ ਹੀ ਲਾਇਆ ਜਾ ਸਕਦਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਵਿੱਚ ਵੱਡੀ ਗੜਬੜੀ ਸਾਹਮਣੇ ਆਵੇਗੀ।
ਮਹਿਕਮੇ ਦੇ ਜੇ.ਈ ਨੇ ਮੰਨੀ ਲਾਪਰਵਾਹੀ: ਰਜਵਾਹਾ ਟੁੱਟਣ ਦੀ ਸੂਚਨਾ ਮਿਲਣ ਮਗਰੋਂ ਨਹਿਰੀ ਮਹਿਕਮੇ ਦੇ ਜੂਨੀਅਰ ਇੰਜੀਨੀਅਰ (ਜੇਈ) ਨੀਰਜ ਸਿੰਘ ਆਪਣੇ ਮੁਲਾਜ਼ਮਾਂ ਸਮੇਤ ਮੌਕੇ 'ਤੇ ਪੁੱਜੇ। ਉਹਨਾਂ ਨੇ ਪਾਣੀ ਦੀ ਸਪਲਾਈ ਬੰਦ ਕਰਾਈ, ਪਰ ਉਦੋਂ ਤੱਕ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ। ਇਸ ਦੇ ਨਾਲ ਹੀ ਜੇਈ ਨੇ ਕਿਹਾ ਕਿ ਕਿਸਾਨਾਂ ਦੀ ਮੰਗ ’ਤੇ ਪਾਣੀ ਛੱਡਿਆ ਗਿਆ ਪਰ ਕਿਸਾਨਾਂ ਨੇ ਮੰਗ ਅਨੁਸਾਰ ਖੇਤਾਂ ਨੂੰ ਪਾਣੀ ਨਹੀਂ ਲਗਾਇਆ। ਜਿਸ ਕਾਰਨ ਰਜਵਾਹਾ ਓਵਰਫਲੋ ਹੋ ਗਿਆ। ਸਲੈਬਾਂ ਟੁੱਟਣ ਅਤੇ ਜੋੜ ਲੀਕ ਹੋਣ ਬਾਰੇ ਜੇਈ ਨੇ ਸਵੀਕਾਰ ਕੀਤਾ ਕਿ ਹਾਲੇ ਰਜਵਾਹੇ ਦੀ ਪੱਟੜੀ ਦੇ ਨਾਲ-ਨਾਲ ਮਿੱਟੀ ਪਾਉਣ ਦਾ ਕੰਮ ਰਹਿੰਦਾ ਹੈ। ਇਸੇ ਕਰਕੇ ਸਲੈਬਾਂ ਖਿਸਕ ਗਈਆਂ ਅਤੇ ਜੋੜ ਵੀ ਲੀਕ ਹੋ ਰਹੇ ਹਨ।