ਦੋਰਾਹਾ: ਪੰਜਾਬ ਅੰਦਰ ਬਿਜਲੀ ਮਹਿਕਮੇ ਵੱਲੋਂ ਲਾਏ ਜਾ ਰਹੇ ਸਮਾਰਟ ਮੀਟਰਾਂ ਦਾ ਵਿਰੋਧ ਜਾਰੀ ਹੈ। ਦੋਰਾਹਾ ਵਿਖੇ ਔਰਤਾਂ ਨੇ ਸਮਾਰਟ ਮੀਟਰਾਂ ਦੇ ਵਿਰੋਧ ਵਿੱਚ ਬਿਜਲੀ ਮਹਿਕਮੇ ਖਿਲਾਫ ਰੋਸ ਮੁਜਾਹਰਾ ਕੀਤਾ ਅਤੇ ਐਕਸੀਅਨ ਦਫ਼ਤਰ ਬਾਹਰ ਧਰਨਾ ਲਾਇਆ। ਮੀਟਰ ਨਾ ਬਦਲਣ 'ਤੇ ਲੋਕਾਂ ਨੇ ਖੁਦ ਮੀਟਰ ਉਖਾੜ ਕੇ ਸੁੱਟਣ ਦੀ ਚਿਤਾਵਨੀ ਦਿੱਤੀ। ਧਰਨੇ 'ਚ ਇਸ ਮੀਟਰ ਉਪਰ ਸਵਾਲ ਚੁੱਕਦੇ ਹੋਏ ਲੋਕਾਂ ਨੇ ਕਿਹਾ ਕਿ ਇਹ ਮੀਟਰ ਬੜੀ ਤੇਜ਼ ਰਫ਼ਤਾਰ ਨਾਲ ਚੱਲਦੇ ਹਨ ਅਤੇ ਇਹਨਾਂ ਦੀ ਰੀਡਿੰਗ ਸਹੀ ਨਹੀਂ ਹੈ।
ਸਮਾਰਟ ਮੀਟਰ ਦਾ ਵਿਰੋਧ: ਦੋਰਾਹਾ ਐਕਸੀਅਨ ਦਫ਼ਤਰ ਬਾਹਰ ਕਈ ਪਿੰਡਾਂ ਵਿੱਚੋਂ ਔਰਤਾਂ ਨੇ ਇਕੱਠੇ ਹੋ ਕੇ ਰੋਸ ਮੁਜਾਹਰਾ ਕੀਤਾ। ਉਹਨਾਂ ਇਲਜ਼ਾਮ ਲਾਇਆ ਕਿ ਕਿਸਾਨੀ ਅੰਦੋਲਨ ਦੌਰਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਮਾਰਟ ਮੀਟਰ ਨਹੀਂ ਲਾਏ ਜਾਣਗੇ ਪਰ ਹੁਣ ਖਪਤਕਾਰਾਂ ਦੀ ਮਰਜ਼ੀ ਬਗੈਰ ਹੀ ਮੀਟਰ ਲਾਏ ਜਾ ਰਹੇ ਹਨ। ਇਹ ਮੀਟਰ ਇੰਨੇ ਤੇਜ਼ ਚੱਲਦੇ ਹਨ ਕਿ 15 ਦਿਨਾਂ ਦਾ ਬਿੱਲ ਹੀ 5 ਤੋਂ 6 ਹਜ਼ਾਰ ਰੁਪਏ ਬਣਦਾ ਹੈ। ਗਰੀਬ ਲੋਕ ਇੰਨਾ ਬਿੱਲ ਨਹੀਂ ਭਰਾ ਸਕਦੇ। ਇਹ ਮੀਟਰ ਨਹੀਂ ਲਾਉਣੇ ਚਾਹੀਦੇ। ਜੇਕਰ ਉਹਨਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਖੁਦ ਮੀਟਰ ਉਤਾਰ ਦੇਣਗੇ। ਧਰਨੇ ਦੀ ਅਗਵਾਈ ਕਰ ਰਹੇ ਮਹਿਲਾ ਆਗੂ ਦੀਪੀ ਮਾਂਗਟ ਨੇ ਕਿਹਾ ਕਿ ਮੀਟਰ ਜ਼ਬਰਦਸਤੀ ਬਦਲੇ ਜਾ ਰਹੇ ਹਨ।
ਸੰਘਰਸ਼ ਹੋਰ ਤਿੱਖਾ: ਇਹ ਮੀਟਰ ਇੱਕ ਤਰ੍ਹਾਂ ਨਾਲ ਅਧਿਕਾਰਾਂ ਉਪਰ ਡਾਕਾ ਅਤੇ ਵਾਅਦਾ ਖਿਲਾਫੀ ਹੈ। ਬਿਜਲੀ ਮਹਿਕਮੇ ਵਾਲਿਆਂ ਨੂੰ ਖੁਦ ਹੀ ਸਮਾਰਟ ਮੀਟਰ ਲਾਉਣੇ ਬੰਦ ਕਰ ਦੇਣੇ ਚਾਹੀਦੇ ਹਨ। ਜਿਹੜੇ ਮੀਟਰ ਹੁਣ ਤੱਕ ਲਾਏ ਗਏ ਹਨ ਉਹ ਬਦਲੇ ਜਾਣੇ ਚਾਹੀਦੇ ਹਨ। ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ। ਇੱਕ ਹੋਰ ਔਰਤ ਨੇ ਮੁਹੱਲੇ 'ਚ ਲਾਏ ਸਮਾਰਟ ਮੀਟਰ ਦਿਖਾਉਂਦੇ ਹੋਏ ਕਿਹਾ ਕਿ ਉਹਨਾਂ ਦਾ ਮੀਟਰ ਬਿਨ੍ਹਾਂ ਦੱਸੇ ਬਦਲ ਦਿੱਤਾ ਗਿਆ। ਸਮਾਰਟ ਮੀਟਰ ਦੀ ਰੀਡਿੰਗ ਚੈੱਕ ਕਰਨ ਲਈ ਉਹਨਾਂ ਦੇਖਿਆ ਕਿ ਇੱਕ ਘੰਟੇ ਦੌਰਾਨ ਹੀ ਇੱਕ ਯੂਨਿਟ ਲਾਗਤ ਹੋਈ ਜਦਕਿ ਘਰ ਦੇ ਸਾਰੇ ਬਿਜਲੀ ਉਪਕਰਨ ਬੰਦ ਕੀਤੇ ਹੋਏ ਸੀ। ਜਦੋਂ ਉਪਕਰਨ ਚੱਲਦੇ ਹੋਣਗੇ ਤਾਂ ਰੋਜ਼ਾਨਾ 50 ਤੋਂ 60 ਯੂਨਿਟਾਂ ਦੀ ਖਪਤ ਇਹ ਮੀਟਰ ਦਿਖਾਉਣਗੇ। ਇਸ ਮੁਤਾਬਕ ਬਿੱਲ 15 ਤੋਂ 20 ਹਜ਼ਾਰ ਰੁਪਏ ਆਵੇਗਾ। ਇੰਨਾ ਬਿੱਲ ਅੱਜ ਤੱਕ ਨਹੀਂ ਕਦੇ ਆਇਆ। ਇਹ ਮੀਟਰ ਗਲਤ ਹਨ।
- ਤੀਜੀ ਵਾਰ ਲਗਾਇਆ ਝੋਨਾ ਪਾਣੀ ਨੇ ਕੀਤਾ ਤਬਾਹ, ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
- ਸ੍ਰੀ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਈ, 1 ਗ੍ਰਿਫ਼ਤਾਰ
- ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੂੰ ਜ਼ਮਾਨਤ, ਢਾਈ ਮਹੀਨੇ ਬਾਅਦ ਆਉਣਗੇ ਬਾਹਰ
ਫਿਲਹਾਲ ਸਮਾਰਟ ਮੀਟਰ ਲਾਉਣ ਦਾ ਕੰਮ ਬੰਦ: ਦੂਜੇ ਪਾਸੇ ਐਕਸੀਅਨ ਗੁਰਮੇਲ ਸਿੰਘ ਨੇ ਕਿਹਾ ਕਿ ਪਿੰਡ ਬੇਗੋਵਾਲ ਤੇ ਰਾਮਪੁਰ ਦੇ ਲੋਕਾਂ ਨੇ ਆਪਣਾ ਰੋਸ ਜਾਹਿਰ ਕੀਤਾ ਹੈ। ਜਿਸ ਕਰਕੇ ਫਿਲਹਾਲ ਸਮਾਰਟ ਮੀਟਰ ਲਾਉਣ ਦਾ ਕੰਮ ਬੰਦ ਕਰ ਦਿੱਤਾ ਹੈ। ਜਿਹੜੇ ਮੀਟਰ ਲਾਏ ਹਨ ਉਹ ਖ਼ਪਤਕਾਰਾਂ ਨੂੰ ਦੱਸ ਕੇ ਲਗਾਏ ਗਏ ਹਨ। ਜੋ ਮੀਟਰ ਲਾਏ ਜਾ ਚੁੱਕੇ ਹਨ ਉਹ ਨਹੀਂ ਬਦਲੇ ਜਾ ਸਕਦੇ। ਅਗਲੇ ਮੀਟਰ ਫਿਲਹਾਲ ਨਹੀਂ ਬਦਲੇ ਜਾਣਗੇ। ਇਸ ਸਥਿਤੀ ਤੋਂ ਸੀਨੀਅਰ ਅਫ਼ਸਰਾਂ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ।