ਲੁਧਿਆਣਾ: ਲੁਧਿਆਣਾ ਦੇ ਵਿਚ ਅਮਰਪੁਰਾ ਇਲਾਕੇ ਦੇ ਅੰਦਰ ਸਰਕਾਰੀ ਬੈਂਕ ਦੇ ਮੈਨੇਜਰ ਦੀ ਭੇਦ-ਭਰੇ ਹਲਾਤਾਂ ਦੇ ਵਿੱਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਸ਼ਨਾਖਤ ਵਿਨੋਦ ਮਸੀਹ ਵਜੋਂ ਹੋਈ ਹੈ ਪਿਛਲੇ ਡੇਢ ਸਾਲ ਤੋਂ ਉਹ ਕਿਰਾਏ ਦੇ ਮਕਾਨ ਅਮਰਪੁਰਾ ਇਲਾਕੇ ਦੇ ਅੰਦਰ ਰਹਿ ਰਿਹਾ ਸੀ। ਪਰ ਅੱਜ ਉਸ ਦੀ ਲਾਸ਼ ਦਰਵਾਜੇ ਦੀ ਕੁੰਡੀ ਨਾਲ ਫਾਹਾ ਲੱਗੀ ਹੋਈ ਬਰਾਮਦ ਹੋਈ ਹੈ। ਇਸ ਵਿੱਚ ਵੱਡੀ ਗੱਲ ਇਹ ਹੈ ਕਿ ਮ੍ਰਿਤਕ ਦੀ ਲਾਸ਼ ਜਦੋਂ ਬਰਾਮਦ ਹੋਈ ਤਾਂ ਉਸ ਦੇ ਸਰੀਰ ਤੇ ਮਹਿਲਾਵਾਂ ਦੇ ਅੰਡਰ ਗਰਮੈਂਟ ਪਾਏ ਹੋਏ ਸਨ। ਇਸ ਕਰਕੇ ਉਸ ਦੀ ਇਸ ਮੌਤ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ।
ਫਿਰੋਜ਼ਪੁਰ ਦਾ ਰਹਿਣ ਵਾਲਾ ਮ੍ਰਿਤਕ : ਘਟਨਾ ਵਾਲੀ ਥਾਂ 'ਤੇ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਵੱਲੋਂ ਪਹੁੰਚ ਕੇ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਣ ਲਈ ਸਥਾਨਕ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਹੀ ਪੁਲਿਸ ਅੰਦਰ ਦਾਖਲ ਹੋਈ। ਮਾਮਲਾ ਗੰਭੀਰ ਹੋਣ ਦੇ ਚੱਲਦਿਆਂ ਫਰਾਂਸਿਕ ਟੀਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਨੋਦ ਮੂਲ ਰੂਪ ਤੋ ਫਿਰੋਜ਼ਪੁਰ ਦੇ ਟੈਂਕ ਵਾਲੀ ਬਸਤੀ ਦਾ ਰਹਿਣ ਵਾਲਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਵੀ ਹਨ।
ਜਾਂਚ ਕਰ ਰਹੀ ਪੁਲਿਸ ਨੇ ਬੋਲਣ ਤੋਂ ਕੀਤਾ ਇਨਕਾਰ: ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਮੌਕੇ 'ਤੇ ਜਾਂਚ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਨ ਦੀ ਗੱਲ ਆਖੀ ਹੈ। ਮ੍ਰਿਤਕ ਦੇ ਭਾਣਜੇ ਦੇ ਦੋਸਤ ਨੇ ਦੱਸਿਆ ਕਿ ਉਸ ਦੇ ਦੋਸਤ ਦਾ ਉਸ ਨੂੰ ਸਵੇਰੇ ਹੀ ਫੋਨ ਆਇਆ ਸੀ ਜਿਸ ਤੋਂ ਬਾਅਦ ਉਸ ਨੇ ਮੌਕੇ 'ਤੇ ਆ ਕੇ ਵੇਖਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੈਂਕ ਵਿੱਚ ਸੀਨੀਅਰ ਮੈਨੇਜਰ ਸੀ। ਉਨ੍ਹਾਂ ਕਿਹਾ ਕਿ ਵੇਖਣ ਨੂੰ ਤਾਂ ਇਸ ਤਰਾਂ ਲੱਗ ਰਿਹਾ ਹੈ ਕਿ ਉਨ੍ਹਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਪਰ ਪੁਲਿਸ ਜਾਂਚ ਕਰ ਰਹੀ ਹੈ।