ਲੁਧਿਆਣਾ: ਰਿਤੂ ਅਗਰਵਾਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਰਿਤੂ ਅਗਰਵਾਲ ਵੱਲੋਂ ਪੀਆਈਯੂ ਵਿੱਚ ਹੀ ਮੋਟੇ ਅਨਾਜ ਤੋਂ ਬਣਨ ਵਾਲੇ ਬੇਕਰੀ ਪ੍ਰੋਡਕਟ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਆਪਣੀ ਬੇਕਰੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਉਹ 12 ਤੋਂ ਵੱਧ ਤਰ੍ਹਾਂ ਦੇ ਪ੍ਰੋਡਕਟ ਸਿਰਫ ਮੋਟੇ ਅਨਾਜ ਤੋਂ ਬਣਾਉਂਦੀ ਹੈ। ਇਸ ਵਿੱਚ ਕੇਕ, ਬਿਸਕੁੱਟ, ਪ੍ਰੋਟੀਨ ਪਾਊਡਰ, ਪੰਜੀਰੀ, ਇਡਲੀ, ਡੋਸਾ, ਢੋਕਲਾ, ਕਟਲੇਟ, ਮਫਿਨ ਅਤੇ ਹੋਰ ਕਈ ਬੇਕਰੀ ਪ੍ਰੋਡਕਟਸ ਸ਼ਾਮਲ ਹੈ। ਨਾਲ ਹੀ, ਉਸ ਵੱਲੋਂ ਹੁਣ ਵਰਕਸ਼ਾਪ ਲਗਾ ਕੇ ਬਾਕੀ ਮਹਿਲਾਵਾਂ ਨੂੰ ਵੀ ਇਨ੍ਹਾਂ ਪ੍ਰੋਡਕਟਾਂ ਨੂੰ ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਸਿਹਤਮੰਦ ਜੀਵਨ ਪੱਧਰ ਬਤੀਤ ਕਰ ਸਕਣ।
ਕਿਵੇਂ ਕੀਤੀ ਸ਼ੁਰੂਆਤ: ਰਿਤੂ ਅਗਰਵਾਲ ਦੀ ਸੱਸ ਨੂੰ ਸ਼ੂਗਰ ਰਹਿੰਦੀ ਸੀ ਅਤੇ ਜਦੋਂ ਵੀ ਉਹ ਕਣਕ ਦੀ ਰੋਟੀ ਖਾਂਦੀ ਸੀ, ਤਾਂ ਸ਼ੂਗਰ ਹੋਰ ਵੱਧ ਜਾਂਦੀ ਸੀ। ਇਸ ਦੇ ਹੱਲ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਡਾਕਟਰੀ ਦਵਾਈਆਂ ਇਸਤੇਮਾਲ ਕੀਤੀਆਂ, ਪਰ ਕੋਈ ਅਸਰ ਨਾ ਹੋਣ ਤੋਂ ਬਾਅਦ ਉਨ੍ਹਾਂ ਨੇ ਕਣਕ ਦੀ ਰੋਟੀ ਨੂੰ ਹੀ ਖਾਣਾ ਬੰਦ ਕਰਨ ਦਾ ਫੈਸਲਾ ਲਿਆ। ਉਸ ਦੀ ਥਾਂ ਉੱਤੇ ਬਾਜਰੇ ਦੀ ਰੋਟੀ ਖਾਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸੱਸ ਨੂੰ ਦਵਾਈ ਖਾਣ ਦੀ ਲੋੜ ਨਹੀਂ ਪਈ ਅਤੇ ਸ਼ੂਗਰ ਕੰਟਰੋਲ ਵਿੱਚ ਰਹਿਣ ਲੱਗੀ।
ਬੇਕਰੀ ਪ੍ਰੋ਼ਡਕਟ ਤਿਆਰ ਕਰਨ ਦੀ ਸਿਖਲਾਈ: ਫਿਰ ਰਿਤੂ ਅਗਰਵਾਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਿਖਲਾਈ ਲੈ ਕੇ ਆਪਣੀ ਬੇਕਰੀ ਸ਼ੁਰੂ ਕੀਤੀ ਅਤੇ ਹੁਣ ਉਹ ਘਰ ਵਿੱਚ ਵੀ ਇਹ ਪ੍ਰੋਡਕਟ ਬਣਾ ਕੇ ਤਿਆਰ ਕਰ ਰਹੀ ਹੈ ਅਤੇ ਬਾਕੀ ਮਹਿਲਾਵਾਂ ਨੂੰ ਵੀ ਸਿਖਾ ਰਹੀ ਹੈ। ਰਿਤੂ ਵੱਲੋਂ ਬਣਾਏ ਗਏ ਪ੍ਰੋਟੀਨ ਪਾਊਡਰ ਦੀ ਵਿਸ਼ੇਸ਼ ਤੌਰ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਗੋਂਸਲ ਵੱਲੋਂ ਵੀ ਸ਼ਲਾਗਾ ਕੀਤੀ ਗਈ ਹੈ। ਨੇੜੇ ਤੇੜੇ ਦੀਆਂ ਮਹਿਲਾਵਾਂ ਵੱਲੋਂ ਵੀ ਉਸ ਤੋਂ ਸਿਖਲਾਈ ਲੈ ਕੇ ਪ੍ਰੋਡਕਟ ਤਿਆਰ ਕੀਤੇ ਗਏ ਹਨ ਜਿਸ ਦਾ ਚੰਗਾ ਨਤੀਜਾ ਮਿਲ ਰਿਹਾ ਹੈ।
ਮੋਟੇ ਅਨਾਜ ਨੂੰ ਤਰਜੀਹ: ਦਰਅਸਲ ਭਾਰਤ ਵੱਲੋਂ ਇਸ ਸਾਲ ਮੋਟੇ ਅਨਾਜ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾ ਰਿਹਾ, ਜਿਸ ਨੂੰ ਖਾਣ ਲਈ ਕਾਫੀ ਸਿਹਤਵੰਦ ਮੰਨਿਆ ਜਾ ਰਿਹਾ ਹੈ। ਖਾਸ ਕਰਕੇ ਭਾਰਤ ਵਿੱਚ ਜੀ20 ਸੰਮੇਲਨ ਅੰਦਰ ਵੀ ਮੇਜ਼ਬਾਨੀ ਕਰਦੇ ਹੋਏ ਭਾਰਤ ਵੱਲੋਂ ਆਪਣੇ ਮਹਿਮਾਨਾਂ ਨੂੰ ਮੋਟੇ ਅਨਾਜ ਤੋਂ ਬਣੇ ਹੋਏ ਪਕਵਾਨਾਂ ਦਾ ਸਵਾਦ ਚਖਾਇਆ ਸੀ। ਮੋਟੇ ਅਨਾਜ ਵਿੱਚ ਰਿਤੂ ਵਿਸ਼ੇਸ਼ ਤੌਰ ਉੱਤੇ ਬਾਜਰੇ ਨਾਲ ਉਹ ਨਵੀ ਸੂਚੀ ਵਿੱਚ ਫੌਕਸਟੇਲ, ਕੋਡੋ, ਛੋਟੇ ਬਾਜਰੇ, ਬਰਾਊਨਟੌਪ ਅਤੇ ਬਰਨਯਾਰਡ ਵਰਗੇ ਬਾਜਰੇ ਦੀਆਂ ਕਈ ਕਿਸਮਾਂ ਦਾ ਇਸਤੇਮਾਲ ਕਰਦੀ ਹੈ, ਜੋ ਸਿਹਤ ਲਾਭਾਂ ਨੂੰ ਦਰਸਾਉਂਦੀਆਂ ਹਨ। ਬਾਜਰੇ-ਅਧਾਰਿਤ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਵਿੱਚ ਰਿਤੂ ਅਗਰਵਾਲ ਦੇ ਯਤਨ ਇੱਕ ਪ੍ਰੇਰਨਾ ਦੇ ਰੂਪ ਵਿੱਚ ਕੰਮ ਕਰਦੇ ਹਨ।
ਮਹਿਲਾਵਾਂ ਨੂੰ ਸਿਖਲਾਈ: ਰਿਤੂ ਅਗਰਵਾਲ ਵੱਲੋਂ ਹੁਣ ਮਹਿਲਾਵਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਸ ਨੇ ਬੀਤੇ ਦਿਨੀਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ, ਆਪਣੀ ਸੋਸਾਇਟੀ ਵਿੱਚ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵੀ ਐਗਜੀਬਿਸ਼ਨ ਅਤੇ ਵਰਕਸ਼ਾਪ ਲਗਾਈ ਗਈ ਸੀ। ਉਹ ਬਾਕੀ ਮਹਿਲਾਵਾਂ ਲਈ ਰੋਲ ਮਾਡਲ ਸਾਬਿਤ ਹੋ ਰਹੀ ਹੈ। ਰਿਤੂ ਨੇ ਕਿਹਾ ਕਿ ਜਦੋਂ ਉਸ ਨੇ ਇਨ੍ਹਾਂ ਪ੍ਰੋਡਕਟ ਦੀ ਸ਼ੁਰੂਆਤ ਕੀਤੀ, ਤਾਂ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਹੀ ਉਸ ਸਮੇਂ ਤਜਰਬੇ ਕੀਤੇ ਜਿਸ ਦਾ ਉਸ ਨੂੰ ਬਹੁਤ ਚੰਗਾ ਰਿਸਪਾਂਸ ਮਿਲਿਆ।
ਰਿਤੂ ਆਪਣੇ ਪਰਿਵਾਰ ਦੀ ਸਿਹਤ ਨੂੰ ਲੈ ਕੇ ਅਕਸਰ ਹੀ ਚਿੰਤਤ ਰਹਿੰਦੀ ਸੀ। ਉਸ ਨੇ ਕਿਹਾ ਕਿ ਜਿਹੜੇ ਪ੍ਰੋਡਕਟ ਮੇਰੇ ਬੱਚੇ ਨਹੀਂ ਖਾ ਸਕਦੇ ਫਿਰ ਮੈਂ ਉਹ ਮਾਰਕੀਟ ਵਿੱਚ ਕਿਵੇਂ ਵੇਚ ਸਕਦੇ ਸੀ। ਇਸ ਕਰਕੇ ਉਸ ਨੇ ਬੇਕਰੀ ਵਿੱਚ ਮੋਟੇ ਅਨਾਜ ਦੇ ਪ੍ਰੋਡਕਟ ਨਾਲ ਬਣਾਏ ਹੋਏ ਸਮਾਨ ਐਡ ਕੀਤੇ ਜਿਸ ਦਾ ਚੰਗਾ ਰਿਸਪਾਂਸ ਆਇਆ ਅਤੇ ਉਹ ਹੁਣ ਵੱਡੇ ਪੱਧਰ ਉੱਤੇ ਇਹ ਕੰਮ ਸ਼ੁਰੂ ਕਰਨ ਜਾ ਰਹੀ ਹੈ। ਰਿਤੂ ਨੇ ਦੱਸਿਆ ਕਿ ਉਸ ਨੂੰ ਪਰਿਵਾਰ ਵੱਲੋਂ ਵੀ ਪੂਰਾ ਸਹਿਯੋਗ ਮਿਲਦਾ ਹੈ। ਫਿਲਹਾਲ ਉਹ 10 ਤੋਂ 12 ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰ ਰਹੀ ਹੈ ਅਤੇ ਉਸ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਹੋਰ ਪ੍ਰੋਡਕਟ ਉਹ ਬਣਾਵੇਗੀ।
ਸਿਹਤਮੰਦ ਬੇਕਰੀ ਪ੍ਰੋਡਕਟ: ਅਕਸਰ ਹੀ ਬਾਜ਼ਾਰ ਵਿੱਚ ਮਿਲਣ ਵਾਲੇ ਬੇਕਰੀ ਪ੍ਰੋਡਕਟ ਦੇ ਅੰਦਰ ਜਿਆਦਾਤਰ ਖੰਡ (ਚੀਨੀ) ਦੀ ਅਤੇ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ। ਖਾਸ ਕਰਕੇ ਬਿਸਕੁਟ ਬਣਾਉਣ ਲਈ ਮੈਦਾ ਵਰਤਿਆ ਜਾਂਦਾ ਹੈ, ਪਰ ਉਸ ਵੱਲੋਂ ਬਣਾਏ ਗਏ ਆਪਣੇ ਸਾਰੇ ਹੀ ਪ੍ਰੋਡਕਟ ਵਿੱਚ ਮਿਠਾਸ ਲਈ ਖਜੂਰਾਂ ਦੀ ਅਤੇ ਗੁੜ ਦੀ ਵਰਤੋਂ ਕੀਤੀ ਜਾਂਦੀ ਹੈ। ਰਿਤੂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਚੀਨੀ ਜ਼ਹਿਰ ਦਾ ਕੰਮ ਕਰਦੀ ਹੈ। ਕੈਂਸਰ ਵਰਗੇ ਰੋਗਾਂ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਵਧਾਵਾ ਦਿੰਦੀ ਹੈ ਅਤੇ ਸ਼ੂਗਰ ਵਧਾਉਂਦੀ ਹੈ। ਇਸ ਕਰਕੇ ਸਾਡੇ ਵਿੱਚ ਲਗਾਤਾਰ ਕਈ ਭਿਆਨਕ ਬਿਮਾਰੀਆਂ ਆਮ ਹੁੰਦੀਆਂ ਜਾ ਰਹੀਆਂ ਹਨ।
ਇਨ੍ਹਾਂ ਦਾ ਹੱਲ ਮੋਟੇ ਅਨਾਜ ਵਿੱਚ ਲੁਕਿਆ ਹੋਇਆ ਹੈ। ਜੇਕਰ ਮੋਟੇ ਅਨਾਜ ਨਾਲ ਬਣੇ ਹੋਏ ਪ੍ਰੋਡਕਟ ਇਸਤੇਮਾਲ ਕੀਤੇ ਜਾਂਦੇ ਹਨ, ਤਾਂ ਦਵਾਈਆਂ ਖਾਣ ਦੀ ਵੀ ਲੋੜ ਨਹੀਂ ਪੈਂਦੀ। ਉਹ ਸਾਡੇ ਪਾਚਨ ਤੰਤਰ ਨੂੰ ਮਜਬੂਤ ਕਰਨ ਦੇ ਨਾਲ ਸਾਨੂੰ ਕੁਦਰਤੀ ਸਰੋਤ ਵਾਂਗ ਚੰਗੇ ਗੁਣਾਂ ਨਾਲ ਭਰਪੂਰ ਪੋਸ਼ਟਿਕ ਆਹਾਰ ਦਿੰਦਾ ਹੈ। ਰਿਤੂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਪੀਏਯੂ ਵੱਲੋਂ ਵੀ ਇਜਾਜ਼ਤ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਵੱਡੇ ਪੱਧਰ ਉੱਤੇ ਆਪਣੇ ਪ੍ਰੋਡਕਟ ਬਣਾਉਣੇ ਹਨ, ਤਾਂ ਉਹ ਉੱਥੇ ਪਈਆਂ ਮਸ਼ੀਨਾਂ ਦੀ ਵਰਤੋਂ ਕਰ ਸਕਦੇ ਹਨ। ਰਿਤੂ ਅਗਰਵਾਲ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਆਪਣੇ ਕੰਮ ਨੂੰ ਹੋਰ ਵਧਾਏਗੀ ਅਤੇ ਨਾਲ ਹੀ ਵੱਧ ਤੋਂ ਵੱਧ ਮਹਿਲਾਵਾਂ ਨੂੰ ਵੀ ਮੋਟੇ ਅਨਾਜ ਪ੍ਰਤੀ ਜਾਗਰੂਕ ਕਰੇਗੀ।