ਲੁਧਿਆਣਾ: ਢੋਲੇਵਾਲ ਇਲਾਕੇ ਵਿੱਚ ਬਾਲਮੀਕੀ ਮੁਹੱਲੇ ਦੇ ਲੋਕ ਇਨ੍ਹੀਂ ਦਿਨੀਂ ਇੱਕ ਵੱਖਰੀ ਸਮੱਸਿਆ ਨਾਲ ਜੂਝ ਰਹੇ ਹਨ। ਇਨ੍ਹਾਂ ਲੋਕਾਂ ਦੇ ਘਰਾਂ ਦੇ ਅੱਗੇ ਰੇਲਵੇ ਵਿਭਾਗ ਨੇ ਕੰਧ ਕਰ ਦਿੱਤੀ ਹੈ ਜਿਸ ਕਰਕੇ ਇਨ੍ਹਾਂ ਦਾ ਆਉਣ ਜਾਣ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਲੋਕ ਪੌੜੀਆਂ ਲਾ ਕੇ ਘਰੋਂ ਆਉਂਦੇ ਜਾਂਦੇ ਹਨ। ਬਜ਼ੁਰਗਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਵਿਭਾਗ ਅਤੇ ਨਗਰ ਨਿਗਮ ਦੋਵੇਂ ਇਸ ਮਾਮਲੇ 'ਤੇ ਚੁੱਪ ਹਨ।
ਸਾਡੀ ਟੀਮ ਵੱਲੋਂ ਜਦੋਂ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਹਾਲਾਤ ਕਾਫ਼ੀ ਖ਼ਰਾਬ ਨਜ਼ਰ ਆਏ। ਲੋਕ ਆਪਣੀਆਂ ਘਰਾਂ ਦੀ ਛੱਤਾਂ 'ਤੇ ਖੜ੍ਹੇ ਸਨ, ਹਰ ਘਰ ਦੇ ਬਾਹਰ ਆਉਣ ਜਾਉਣ ਲਈ ਪੌੜੀਆਂ ਲਾਈਆਂ ਗਈਆਂ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਨਾ ਹੀ ਰੇਲਵੇ ਅਤੇ ਨਾ ਹੀ ਕਾਰਪੋਰੇਸ਼ਨ ਵਿਭਾਗ ਵੱਲੋਂ ਕੋਈ ਨੋਟਿਸ ਦਿੱਤਾ ਗਿਆ। ਉਹ ਬੀਤੇ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਅਤੇ ਹੁਣ ਅਜੀਬੋ ਗ਼ਰੀਬ ਸਮੱਸਿਆ ਉਨ੍ਹਾਂ ਲਈ ਪੈਦਾ ਹੋ ਗਈ ਹੈ। ਕਈ ਥਾਵਾਂ 'ਤੇ ਦੀਵਾਰ ਖੜ੍ਹੀ ਕਰ ਦਿੱਤੀ ਹੈ ਅਤੇ ਕਈ ਥਾਂ 'ਤੇ ਲੋਹੇ ਦਾ ਜਾਲ। ਸਥਾਨਕ ਲੋਕ ਪੌੜੀਆਂ ਲਾ ਕੇ ਬਾਹਰ ਆਉਂਦੇ ਹਨ ਜਿਸ ਕਾਰਨੇ ਅਕਸਰ ਲੋਕਾਂ ਨੂੰ ਸੱਟਾਂ ਵੱਜਣ ਦਾ ਖਤਰਾ ਬਣਿਆ ਰਹਿੰਦਾ ਹੈ, ਕਈ ਲੋਕ ਸੱਟਾਂ ਖਾ ਵੀ ਚੁੱਕੇ ਹਨ।
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਵਿਧਾਇਕ ਕੋਲ ਜਾਈਏ ਤਾਂ ਉਹ ਰੇਲਵੇ ਵਿਭਾਗ 'ਤੇ ਗੱਲ ਸੁੱਟ ਦਿੰਦਾ ਹੈ ਅਤੇ ਜੇਕਰ ਰੇਲਵੇ ਵਿਭਾਗ ਕੋਲ ਜਾਈਏ ਤਾਂ ਉਹ ਕਹਿੰਦੇ ਨੇ ਕਿ ਇਹ ਕਾਰਪੋਰੇਸ਼ਨ ਦਾ ਕੰਮ ਹੈ ਅਸੀਂ ਆਪਣੀ ਸੁਰੱਖਿਆ ਲਈ ਇਹ ਕੰਧ ਕੀਤੀ ਹੈ। ਪਰ ਇਸ ਦੌਰਾਨ ਸਥਾਨਕ ਲੋਕ ਆਪਣੇ ਆਪ ਨੂੰ ਜੇਲ੍ਹ ਵਿੱਚ ਕੈਦ ਹੋ ਜਾਣ ਵਰਗਾ ਮਹਿਸੂਸ ਕਰ ਰਹੇ ਹਨ।