ਮਾਛੀਵਾੜਾ: ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਮਾਛੀਵਾੜਾ ਸਾਹਿਬ ਪਹੁੰਚੇ ਸਨ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ। ਚਮਕੌਰ ਦੀ ਜੰਗ ਤੋਂ ਬਾਅਦ ਪੰਜ ਪਿਆਰਿਆਂ ਦਾ ਹੁਕਮ ਮੰਨਦੇ ਹੋਏ ਅੱਠ ਪੋਹ ਨੂੰ ਪਹਿਰ ਦੇ ਤੜਕੇ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਸਾਹਿਬ ਦੇ ਜੰਗਲਾਂ ਵਿੱਚ ਭਾਈ ਗੁਲਾਬੇ, ਭਾਈ ਪੰਜਾਬੇ ਦੇ ਖੂਹ ਉੱਤੇ ਆਏ ਸਨ, ਜਿੱਥੇ ਗੁਰੂ ਸਾਹਿਬ ਜੀ ਨੇ ਖੂਹ ਤੋਂ ਠੰਢਾ ਜਲ ਛਕਿਆ ਅਤੇ ਇੱਥੋਂ 70 ਕਦਮਾਂ ਦੀ ਦੂਰੀ 'ਤੇ ਸਥਿਤ ਜੰਡ ਦੇ ਦਰੱਖਤ ਹੇਠਾਂ ਟਿੰਡ ਦਾ ਸਰਹਾਣਾ ਲਾ ਕੇ ਆਰਾਮ ਕੀਤਾ।
ਇੱਥੇ ਉਨ੍ਹਾਂ ਨੂੰ ਤਿੰਨ ਸਿੰਘ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਆ ਕੇ ਮਿਲੇ। ਇੱਥੇ ਹੁਣ "ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ" ਸੁਸ਼ੋਭਿਤ ਹੈ। ਇੱਥੋਂ ਗੁਰੂ ਜੀ ਭਾਈ ਗੁਲਾਬਾ ਅਤੇ ਭਾਈ ਪੰਜਾਬਾ ਦੇ ਘਰ ਚਲੇ ਗਏ, ਜਿੱਥੇ ਮਾਤਾ ਹਰਦੇਈ ਜੀ ਨੇ ਉਨ੍ਹਾਂ ਦਾ ਚੋਲਾ ਰੰਗਿਆ ਸੀ ਜਿੱਥੇ ਗੁਰਦੁਆਰਾ "ਚੁਬਾਰਾ ਸਾਹਿਬ "ਸੁਸ਼ੋਭਿਤ ਹੈ।
ਇਸ ਤੋਂ ਬਾਅਦ ਗੁਰੂ ਸਾਹਿਬ ਭਾਈ ਗਨੀ ਖਾਂ ਅਤੇ ਭਾਈ ਨਬੀ ਖਾਂ ਦੇ ਘਰ ਚਲੇ ਗਏ ਜਿੱਥੇ ਹੁਣ "ਗੁਰਦੁਆਰਾ ਭਾਈ ਗਨੀ ਖਾਂ ਨਬੀ ਖਾਂ" ਸਥਿਤ ਹੈ ਅਤੇ ਇੱਥੋਂ ਹੀ ਗੁਰੂ ਸਾਹਿਬ ਨੇ "ਉੱਚ ਦਾ ਪੀਰ "ਬਣ ਕੇ ਮੁਗ਼ਲ ਫ਼ੌਜ ਦੀ ਨਾਕਾਬੰਦੀ ਨੂੰ ਤੋੜਿਆ ਅਤੇ ਆਲਮਗੀਰ ਵੱਲ ਨੂੰ ਚਾਲੇ ਪਾਏ ਸਨ,ਜਿੱਥੇ ਗੁਰਦੁਆਰਾ "ਕਿਰਪਾਨ ਭੇਟ ਸਾਹਿਬ" ਬਣਿਆ ਹੋਇਆ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਸਭ ਤੋਂ ਔਖੇ ਵੇਲੇ ਦੇ ਸਮੇਂ ਵਿੱਚੋਂ ਕੁੱਝ ਦਿਨ ਇਸ ਨਗਰ ਵਿੱਚ ਗੁਜ਼ਾਰੇ ਅਤੇ "ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ" ਸ਼ਬਦ ਦੀ ਰਚਨਾ ਵੀ ਇਸੇ ਧਰਤੀ ਤੇ ਕੀਤੀ ਗਈ ਸੀ।
ਇੰਨੀ ਇਤਿਹਾਸਕ ਮਹੱਤਤਾ ਦੇ ਬਾਵਜੂਦ ਵੀ ਸ਼ਹਿਰ ਦੀ ਹੀ ਨਹੀਂ ਗੁਰੂ ਘਰਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਵੀ ਬੜੀ ਖਸਤਾ ਹੋ ਚੁੱਕੀ ਹੈ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ, ਤਾਂ ਗੁਰੂ ਘਰਾਂ ਦੀ ਸੰਭਾਲ ਕਰ ਰਹੀਆਂ ਸੰਸਥਾਵਾਂ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਇਤਿਹਾਸਕ ਨਗਰਾਂ ਦੇ ਵਿਕਾਸ ਪੱਖੋਂ ਜੋ ਕਮੀਆਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ ਹੈ। ਜਿਸ ਨਾਲ ਕਿ ਸਾਡਾ ਇਤਿਹਾਸ ਅਤੇ ਇਤਿਹਾਸਕ ਸੰਸਥਾਵਾਂ ਲੋਕਾਂ ਦਾ ਮਾਰਗ ਦਰਸ਼ਨ ਕਰਦੀਆਂ ਰਹਿਣ।