ਲੁਧਿਆਣਾ: ਪੰਜਾਬ ਦੇ ਵਿੱਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਵਿਖਾਈ ਦੇ ਰਿਹਾ ਹੈ। ਲੁਧਿਆਣਾ ਵਿੱਚ ਅੱਜ ਸਵੇਰੇ ਬੱਦਲਵਾਈ ਤੋਂ ਬਾਅਦ ਭਾਰੀ ਮੀਂਹ ਪੈ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਾਰਿਸ਼ ਨਾਲ ਮੌਸਮ 'ਚ ਵੱਡੀ ਤਬਦੀਲੀ ਆਵੇਗੀ ਜਦਕਿ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਵੇਗਾ।
ਇਸ ਮੀਂਹ ਤੋਂ ਬਾਅਦ ਕਿਸਾਨਾਂ ਦੇ ਸਾਹ ਸੁੱਕੇ ਹੋਏ ਨੇ ਕਿਉਂਕਿ ਝੋਨੇ ਦੀ ਪੱਕੀ ਹੋਈ ਫ਼ਸਲ ਖੇਤਾਂ ਵਿੱਚ ਖੜ੍ਹੀ ਹੈ ਜਾਂ ਫਿਰ ਬਹੁਤੇ ਕਿਸਾਨਾਂ ਨੇ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਪਰ ਜੇਕਰ ਇਸੇ ਤਰ੍ਹਾਂ ਹੀ ਭਾਰੀ ਮੀਂਹ ਪੈਂਦਾ ਰਿਹਾ ਤਾਂ ਇਸ ਨਾਲ ਝੋਨੇ ਦੀ ਪੱਕੀ ਹੋਈ ਫ਼ਸਲ ਦਾ ਨੁਕਸਾਨ ਹੋਵੇਗਾ ਅਤੇ ਫ਼ਸਲ ਦੀ ਕਟਾਈ ਵਿੱਚ ਵੀ ਨਹੀਂ ਹੋ ਸਕੇਗੀ। ਫ਼ਸਲ ਦੇਰ ਨਾਲ ਕੱਟਣ ਕਰਕੇ ਹਾੜੀ ਦੀ ਫ਼ਸਲ ਦੀ ਬੀਜਾਈ ਵੀ ਪਿਛੇਤੀ ਹੋ ਜਾਵੇਗੀ।
ਦੱਸ ਦੇਈਏ ਕਿ ਝੋਨੇ ਦੀ ਸਰਕਾਰੀ ਖ਼ਰੀਦ ਆਮਤੌਰ ਤੇ ਇਕ ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ ਬਾਰਿਸ਼ਾਂ ਹੋਣ ਕਰਕੇ ਹੀ 11 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਵੇਗੀ। ਜਿਸ ਨੂੰ ਲੈ ਕੇ ਕਿਸਾਨ ਪਹਿਲਾਂ ਹੀ ਚਿੰਤਿਤ ਹਨ ਅਤੇ ਆਪਣਾ ਰੋਸ ਜਤਾ ਰਹੇ ਹਨ। ਕਿਸਾਨਾਂ ਵੱਲੋਂ ਅੱਜ ਪੰਜਾਬ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਮੰਤਰੀਆਂ ਦੇ ਘਰ ਦਾ ਘਿਰਾਓ ਵੀ ਕੀਤਾ ਜਾਣਾ ਹੈ।
ਇਸ ਬੇਮੌਸਮੀ ਬਰਸਾਤ ਨੇ ਹੁਣ ਕਿਸਾਨਾਂ ਦੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਕਿਉਂਕਿ ਖੰਨਾ ਮੰਡੀ ਦੇ ਵਿੱਚ ਕਿਸਾਨਾਂ ਨੇ ਆਪਣੀ ਫ਼ਸਲ ਵੀ ਲਿਆ ਕੇ ਰੱਖ ਲਈ ਹੈ ਇਸ ਮੀਂਹ ਦੇ ਨਾਲ ਜਿੱਥੇ ਮੰਡੀਆਂ 'ਚ ਪਈ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਖਦਸ਼ਾ ਹੈ, ਉਥੇ ਹੀ ਜੋ ਫ਼ਸਲ ਖੇਤਾਂ ਵਿੱਚ ਖੜ੍ਹੀ ਹੈ ਉਸ ਵਿੱਚ ਨਮੀ ਦੀ ਮਾਤਰਾ ਵੀ ਵਧ ਸਕਦੀ ਹੈ ਜਿਸ ਕਰਕੇ ਕਿਸਾਨਾਂ ਨੂੰ ਦੋਹਰੀ ਮਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:- ਗੁਲਾਬੀ ਸੁੰਡੀ ਨਾਲ ਫ਼ਸਲ ਬਰਬਾਦ ਹੋਣ ਕਰਕੇ ਕਿਸਾਨ ਨੇ ਕੀਤੀ ਖੁਦਕੁਸ਼ੀ