ਲੁਧਿਆਣਾ: ਬੀਤੇ ਦਿਨ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਫ਼ਿਰੋਜ਼ਪੁਰ, ਮੋਗਾ ਅਤੇ ਹੋਰਨਾਂ ਇਲਾਕਿਆਂ ਦੇ 'ਅੰਬੈਸਡਰ ਆਫ਼ ਹੋਪ' ਮੁਕਾਬਲੇ ’ਚ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਤਕਸੀਮ ਕੀਤੇ।
ਇਸ ਮੌਕੇ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਜੇਤੂ ਵਿਦਿਆਰਥੀਆਂ ਨੂੰ ਆਈਪੈਡ, ਲੈਪਟਾਪ ਅਤੇ ਟੈਬਲਟ ਆਦਿ ਪੁਰਸਕਾਰ ਵਜੋਂ ਵੰਡੇ ਗਏ ਹਨ।
ਇਸ ਦੌਰਾਨ ਗੱਲਬਾਤ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਜਦੋਂ ਕੋਰੋਨਾ ਮਹਾਂਮਾਰੀ ਚੱਲ ਰਹੀ ਸੀ, ਉਦੋਂ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਸਿੱਖਿਆ ਨਾਲ ਜੋੜੇ ਰੱਖਣ ਲਈ ਇੱਕ ਵੱਖਰਾ ਮੁਕਾਬਲਾ ਸ਼ੁਰੂ ਕੀਤਾ ਗਿਆ, ਜਿਸ ਦਾ ਨਾਂ 'ਅੰਬੈਸਡਰ ਆਫ਼ ਹੋਪ' ਰੱਖਿਆ ਗਿਆ ਸੀ। ਇਸ ਮੁਕਾਬਲੇ ’ਚ ਪਹਿਲੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਸਨ।
ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਮੁੱਦਾ ਦਿੱਤਾ ਗਿਆ ਸੀ ਕਿ "ਮਹਾਂਮਾਰੀ ਦੌਰਾਨ ਕਿਵੇਂ ਆਪਣੇ ਆਪ ਨੂੰ ਰੁਝੇਵੇਂ ’ਚ ਰੱਖਿਆ ਜਾ ਸਕਦਾ ਹੈ ਅਤੇ ਬਿਮਾਰੀ ਨਾਲ ਕਿਵੇਂ ਲੜਿਆ ਜਾ ਸਕਦਾ ਹੈ।" ਇਸ ਸਬੰਧੀ ਵੀਡੀਓ ਬਣਾ ਕੇ ਭੇਜਣ ਲਈ ਕਿਹਾ ਗਿਆ ਸੀ, ਜਿਸ ਵਿਚ ਪੰਜਾਬ ਭਰ ਤੋਂ ਇੱਕ ਲੱਖ ਤੋਂ ਵੱਧ ਵੀਡੀਓਜ਼ ਮਿਲੀਆਂ ਸਨ ਅਤੇ ਹੁਣ ਇਨ੍ਹਾਂ ਜੇਤੂ ਵਿਦਿਆਰਥੀ ਨੂੰ ਪੁਰਸਕਾਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਵਿਚ ਵਿਦਿਆਰਥੀਆਂ ਨੇ ਇੱਕ ਵੱਖਰੇ ਢੰਗ ਦਾ ਆਪਣਾ ਹੁਨਰ ਵਿਖਾਇਆ ਹੈ।