ਲੁਧਿਆਣਾ: ਕੌਂਮੀ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਹੈ ਕਿ ਉਹ 27 ਫਰਵਰੀ ਨੂੰ ਡੀਐਮਸੀ ਹਸਪਤਾਲ ਦੇ ਬਾਹਰ ਦੁਪਹਿਰ 12 ਵਜੇ ਤੋਂ ਪੱਕਾ ਮੋਰਚਾ ਲਗਾਉਣ ਜਾ ਰਹੇ ਹਨ, ਕੌਂਮੀ ਇਨਸਾਫ ਮੋਰਚੇ ਦੇ ਆਗੂ ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਬਾਪੂ ਸੂਰਤ ਸਿੰਘ ਖਾਲਸਾ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਇਸ ਦੌਰਾਨ ਜੇਕਰ ਨੌਜਵਾਨ ਗੁੱਸੇ ਵਿੱਚ ਆਉਂਦੇ ਹਨ ਜਾਂ ਫਿਰ ਧਰਨੇ ਨੂੰ ਹਿੰਸਕ ਬਣਾਇਆ ਜਾਂਦਾ ਹੈ ਤਾਂ ਇਸ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਧਰਨਾ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕਰਨ ਦਾ ਸੱਦਾ ਦਿੱਤਾ ਹੈ।
ਹਿੰਸਾ ਦੀ ਸਰਕਾਰ ਹੋਵੇਗੀ ਜਿੰਮੇਵਾਰ: ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਸਾਡੇ ਨਾਲ ਜਾਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਵੀ ਇਸ ਸੰਬੰਧੀ ਆਪਣੀ ਹਾਮੀ ਭਰ ਚੁੱਕਾ ਹੈ, ਪਰ ਸਰਕਾਰ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ ਤੇ ਬਿਨਾਂ ਕਿਸੇ ਅਧਿਕਾਰ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਲੁਧਿਆਣਾ ਦੇ ਵੱਖ ਵੱਖ ਵਿਧਾਇਕਾਂ ਨਾਲ ਅਤੇ ਪੁਲਿਸ ਕਮਿਸ਼ਨਰ ਨਾਲ ਗੱਲ ਵੀ ਕੀਤੀ ਹੈ, ਪਰ ਕੋਈ ਹੱਲ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਧਰਨੇ ਕਾਰਨ ਜੇਕਰ ਮਰੀਜ਼ਾਂ ਨੂੰ ਪ੍ਰੇਸ਼ਾਨੀ ਆਈ ਜਾਂ ਕੋਈ ਵੀ ਹਾਲਾਤ ਖ਼ਰਾਬ ਹੋਏ ਤਾਂ ਸਰਕਾਰ ਜਿੰਮੇਵਾਰ ਹੋਵੇਗੀ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ਼ ਇਹੋ ਹੀ ਇੱਕੋ ਰਾਹ ਬਚਿਆ ਹੈ।
ਅਜਨਾਲਾ ਘਟਨਾ ਲਈ ਸਰਕਾਰ ਨੇ ਕੀਤਾ ਮਜਬੂਰ: ਅਜਨਾਲਾ ਦੇ ਵਿਚ ਹੋਏ ਹੰਗਾਮੇ ਤੋਂ ਸਬੰਧੀ ਜਦੋਂ ਭਾਈ ਬਲਵਿੰਦਰ ਸਿੰਘ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਸਰਕਾਰਾਂ ਕਰਕੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਹੁਣ ਆਪਣਾ ਸਬਰ ਖ਼ਤਮ ਕਰ ਚੁੱਕੇ। ਉਨ੍ਹਾਂ ਕਿਹਾ ਕਿ ਕੌਂਮੀ ਇਨਸਾਫ ਮੋਰਚੇ ਦੇ ਆਗੂਆਂ ਉੱਤੇ ਵੀ ਗੰਭੀਰ ਧਾਰਾਵਾਂ ਦੇ ਤਹਿਤ ਪਰਚੇ ਦਰਜ ਕੀਤੇ ਜਾ ਰਹੇ ਹਨ, ਅਜਿਹੇ ਵਿੱਚ ਉਹ ਕੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਭ ਦਾ ਕਾਰਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਰਾਮ ਰਹੀਮ ਹਨ, ਜਿਹਨਾਂ ਕਾਰਨ ਇਹ ਸਭ ਹੋ ਰਿਹਾ ਹੈ।
ਬੰਦੀ ਸਿੰਘਾਂ ਦੀ ਰਿਹਾਈ ਕਰਵਾ ਕੇ ਘਰਾਂ ਨੂੰ ਜਾਵਾਂਗੇ: ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਬੰਦੀ ਸਿੰਘ ਕੌਂਮੀ ਇਨਸਾਫ ਮੋਰਚੇ ਤੋਂ ਖੁਦ ਨੂੰ ਵੱਖ ਕਰਨ ਦੀ ਗੱਲ ਕਹਿ ਰਹੇ ਨੇ ਉਨ੍ਹਾਂ ਉੱਤੇ ਵੀ ਸਰਕਾਰ ਦਾ ਦਬਾਅ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੇ ਆਗੂ ਇਹ ਸਭ ਕਰਵਾ ਰਹੇ ਹਨ। ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਬੰਦੀ ਸਿੰਘ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਤੇ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ, ਪਰ ਸਰਕਾਰ ਨੇ ਫਿਰ ਵੀ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ, ਜੋ ਕਿ ਸਰਾਸਰ ਗਲਤ ਹੈ। ਉਹਨਾਂ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਕੇ ਹੀ ਹੁਣ ਘਰਾਂ ਨੂੰ ਪਰਤਾਗੇ।
ਇਹ ਵੀ ਪੜੋ: Aaj Da Hukamnama : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ