ਲੁਧਿਆਣਾ: ਜਗਰਾਓਂ ਪੁਲਿਸ ਨੇ ਨਕਲੀ ਪੁਲਿਸ ਵਾਲੇ ਬਣ ਕੇ ਲੋਕਾਂ ਨੂੰ ਠੱਗਣ ਤੇ ਲੁੱਟਣ ਵਾਲੇ ਪੰਜ ਨੌਜ਼ਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਪੁਲਿਸ ਨੇ ਇਨ੍ਹਾਂ ਨੌਜ਼ਵਾਨਾਂ ਕੋਲੋਂ ਨਕਲੀ ਪੁਲਿਸ ਦੀਆਂ ਵਰਦੀਆਂ ਵੀ ਬਰਮਦ ਕੀਤੀਆਂ ਹਨ। ਫਿਲਹਾਲ ਪੁਲਿਸ ਨੇ ਇੰਨ੍ਹਾਂ ਸਾਰੇ ਨੌਜ਼ਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪੂਰੀ ਜਾਣਕਾਰੀ ਦਿੰਦੇ ਥਾਣਾ ਜੋਧਾਂ ਦੀ ਇੰਚਾਰਜ ਜਗਰੂਪ ਕੌਰ ਨੇ ਦੱਸਿਆ ਕਿ ਇਸ ਨਕਲੀ ਪੁਲਿਸ ਮੁਲਾਜਮਾਂ ਦੇ ਗਿਰੋਹ ਦਾ ਸਰਗਨਾ ਨੇੜਲੇ ਪਿੰਡ ਫਲੇਵਾਲ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਬਾਕੀ ਨੌਜ਼ਵਾਨਾਂ ਵਿੱਚੋਂ ਇੱਕ ਇਸਦਾ ਭਰਾ ਹੈ ਤੇ ਬਾਕੀ ਨਾਲ ਪੜ੍ਹਨ ਵਾਲੇ ਸਾਥੀ ਹਨ। ਉਨ੍ਹਾਂ ਦੱਸਿਆ ਕਿ ਲੋਕਾਂ 'ਤੇ ਫੋਕਾ ਰੋਹਬ ਪਾ ਕੇ ਤੇ ਨਕਲੀ ਨਾਕੇ ਲਗਾ ਕੇ ਲੋਕਾਂ ਨੂੰ ਠੱਗਦੇ ਤੇ ਲੁੱਟਦੇ ਸਨ।
ਪੁਲਿਸ ਅਧਿਕਾਰੀ ਦਾ ਕਹਿਣਾ ਕਿ ਇੰਨ੍ਹਾਂ ਸਬੰਧੀ ਪਿੰਡ ਦੇ ਹੀ ਇੱਕ ਵਿਅਕਤੀ ਤੋਂ ਸੂਚਨਾ ਮਿਲੀ ਸੀ ਕਿ ਇਹ ਲੋਕ ਰੋਜ ਸਵੇਰੇ ਪਿੰਡੋਂ ਪੁਲਿਸ ਦੀ ਵਰਦੀ ਵਿੱਚੋਂ ਨਿਕਲਦੇ ਹਨ ਤੇ ਰਾਤ ਨੂੰ ਪਿੰਡ ਵੜਦੇ ਹਨ। ਇੰਨ੍ਹਾਂ ਨੇ ਆਪਣੇ ਘਰਾਂ ਵਿੱਚ ਵੀ ਇਹੀ ਕਹਿ ਰੱਖਿਆ ਸੀ ਕਿ ਉਨ੍ਹਾਂ ਨੇ ਆਨਲਾਈਨ ਪੁਲਿਸ ਦੇ ਪੇਪਰ ਦਿੱਤੇ ਸਨ ਤੇ ਜਿਸ ਵਿੱਚੋਂ ਪਾਸ ਹੋਣ 'ਤੇ ਉਹ ਪੁਲਿਸ ਵਿਚ ਭਰਤੀ ਹੋ ਗਏ ਹਨ।
ਇਸ ਮੌਕੇ ਪੁਲਿਸ ਅਧਿਕਾਰੀ ਜਗਰੂਪ ਕੌਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਥਾਣੇਦਾਰ ਸੁਖਮਿੰਦਰ ਸਿੰਘ ਨੂੰ ਮੁਢਲੀ ਜਾਂਚ ਵਿੱਚ ਪਤਾ ਚਲਿਆ ਹੈ ਕਿ ਇੰਨ੍ਹਾਂ ਵਿੱਚੋ ਇੱਕ DSP ਬਣਦਾ ਸੀ ਤੇ 2 ਨੌਜ਼ਵਾਨ ਥਾਣੇਦਾਰ ਤੇ ਬਾਕੀ ਦੋ ਕਾਂਸਟੇਬਲ ਬਣਦੇ ਸਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇੰਨ੍ਹਾਂ ਕੋਲੋਂ ਜਿੱਥੇ ਨਕਲੀ ਵਰਦੀਆਂ, ਨਕਲੀ ਸਟਿੱਕਰ ਮਿਲੇ ਹਨ, ਉਥੇ ਹੀ ਇੰਨ੍ਹਾਂ ਕੋਲੋਂ ਨਕਲੀ ਜੋਇਨਿੰਗ ਲੇਟਰ ਵੀ ਮਿਲੇ ਹਨ, ਜੋਂ ਇੰਨ੍ਹਾਂ ਨੇ ਗੂਗਲ ਤੋਂ ਕਾਪੀ ਕੀਤੇ ਸਨ। ਫਿਲਹਾਲ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਰਿਮਾਂਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Maharashtra Political Crisis : ਵਿਧਾਇਕ ਸਾਹਮਣੇ ਆ ਕੇ ਕਹਿਣ, ਤਾਂ ਅਸਤੀਫਾ ਦੇ ਦੇਵਾਂਗਾ: ਊਧਵ ਠਾਕਰੇ