ਲੁਧਿਆਣਾ: ਅੱਜ ਦੁਪਹਿਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੁਧਿਆਣਾ-ਫਿਰੋਜ਼ ਗਾਂਧੀ ਮਾਰਕੀਟ ਦੇ ਵਿੱਚ ਇੱਕ ਇਮਾਰਤ ਨੂੰ ਅੱਗ ਲੱਗ ਗਈ। ਅੱਗ ਇਮਾਰਤ ਦੀ ਦੂਜੀ ਮੰਜਿਲ 'ਤੇ ਸਥਿਤ ਇੱਕ ਦਫਤਰ ਨੂੰ ਲੱਗੀ। ਜਿਸ ਤੋਂ ਬਾਅਦ ਅੱਗ ਬੁਝਾਊ ਅਮਲੇ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਕਰੀਬ ਇੱਕ ਘੰਟੇ ਦੀ ਮਸ਼ਕਤ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਦੱਸਣਯੋਗ ਹੈ ਕਿ ਫਿਰੋਜ਼ ਗਾਂਧੀ ਮਾਰਕਿਟ ਲੁਧਿਆਣਾ ਮਿੰਨੀ ਸੈਕਟਰੀਏਟ ਦੇ ਬਿਲਕੁਲ ਨਾਲ ਹੈ, ਪਰ ਅੱਜ ਐਤਵਾਰ ਹੋਣ ਕਾਰਨ ਬਹੁਤੀ ਭੀੜ ਉੱਥੇ ਨਹੀਂ ਸੀ। ਜਿਸ ਕਰਕੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਮੌਕੇ 'ਤੇ ਮੌਜੂਦ ਅੱਗ ਬੁਝਾਊ ਅਮਲੇ ਦੇ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਵੇਲੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ।