ਲੁਧਿਆਣਾ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਭਾਵੇਂ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਹੈ ਪਰ ਇਸ ਦਾ ਜ਼ਿਆਦਾ ਅਸਰ ਪੰਜਾਬ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀਆਂ ਸੜਕਾਂ 'ਤੇ ਚੱਲਣ ਵਾਲੀਆਂ ਲਗਪਗ ਇੱਕ ਤਿਹਾਈ ਗੱਡੀਆਂ 'ਤੇ ਕਿਸਾਨੀ ਝੰਡੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ 'ਤੇ ਕਿਸਾਨ ਏਕਤਾ ਜ਼ਿੰਦਾਬਾਦ ਜਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਲੋਗਨ ਲਿਖੇ ਹੋਏ ਹਨ। ਇਸ ਤੋਂ ਇਲਾਵਾ ਕੇਸਰੀ ਨਿਸ਼ਾਨ-ਨਿਸ਼ਾਨ ਸਾਹਿਬ ਆਦਿ ਵੀ ਗੱਡੀਆਂ 'ਤੇ ਲਾਹੁਣ ਦਾ ਨੌਜਵਾਨਾਂ 'ਚ ਇਨ੍ਹੀਂ ਦਿਨੀਂ ਪੰਜਾਬ ਭਰ ਵਿੱਚ ਟ੍ਰੈਂਡ ਚੱਲ ਰਿਹਾ ਹੈ।
ਗੱਡੀ 'ਤੇ ਕਿਸਾਨੀ ਝੰਡਾ ਲੱਗਾ ਵੇਖ ਨਹੀਂ ਰੋਕਦੀ ਪੁਲਿਸ
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਨੌਜਵਾਨਾਂ ਨੇ ਦੱਸਿਆ ਕਿ ਇੱਕ ਪਾਸੇ ਜਿਥੇ ਇਹ ਝੰਡੀਆਂ ਇਹ ਦਰਸਾਉਂਦੀਆਂ ਨੇ ਕਿ ਉਹ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਹ ਇੱਕ ਤਰ੍ਹਾਂ ਦਾ ਪਾਸ ਵੀ ਹੈ ਜਿਸ ਨੂੰ ਵੇਖ ਨਾ ਤਾਂ ਉਨ੍ਹਾਂ ਨੂੰ ਕਿਤੇ ਟੋਲ ਟੈਕਸ 'ਤੇ ਰੋਕਿਆ ਜਾਂਦਾ ਹੈ ਅਤੇ ਨਾ ਹੀ ਕਿਤੇ ਪੁਲਿਸ ਉਨ੍ਹਾਂ ਨੂੰ ਰੋਕਦੀ ਹੈ, ਕਿਉਂਕਿ ਕਿਸਾਨ ਅੰਦੋਲਨ ਦਿੱਲੀ ਵਿੱਚ ਚੱਲ ਰਿਹਾ ਹੈ ਜਿਸ ਦਾ ਵੱਡਾ ਅਸਰ ਪੰਜਾਬ 'ਚ ਵੀ ਵੇਖਣ ਨੂੰ ਮਿਲ ਰਿਹਾ ਹੈ।
ਨੌਜਵਾਨਾਂ ਨੇ ਦੱਸਿਆ ਕਿ ਉਹ ਦਿੱਲੀ ਕਿਸਾਨ ਅੰਦੋਲਨ 'ਚ ਪਾਣੀ ਲੈ ਕੇ ਜਾ ਰਹੇ ਨੇ ਅਤੇ ਗੱਡੀਆਂ 'ਤੇ ਕਿਸਾਨੀ ਚੁੰਨੀਆਂ ਇਸ ਲਈ ਲਈਆਂ ਨੇ ਤਾਂ ਜੋ ਰਾਹ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਰਪੇਸ਼ ਨਾ ਆਵੇ ਅਤੇ ਇਹ ਸਾਰਿਆਂ ਨੂੰ ਪਤਾ ਹੋਵੇ ਕਿ ਇਹ ਕਿਸਾਨ ਸਮਰਥਕ ਹਨ। ਉੱਧਰ ਕੁਝ ਕਿਸਾਨ ਸਮਰਥਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਉਹ ਸ਼ਹਿਰੀ ਨੇ ਪਰ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਨੇ ਪਰ ਇਸ ਗੱਲ ਨੂੰ ਉਹ ਕਿਵੇਂ ਜ਼ਾਹਿਰ ਕਰਨ ਇਸ ਦਾ ਸਭ ਤੋਂ ਵਧੀਆ ਤਰੀਕਾ ਉਨ੍ਹਾਂ ਨੂੰ ਇਹੀ ਲੱਗਿਆ ਕਿ ਕਿਉਂ ਨਾ ਆਪੋ ਆਪਣੇ ਵਾਹਨਾਂ 'ਤੇ ਕਿਸਾਨ ਏਕਤਾ ਜ਼ਿੰਦਾਬਾਦ ਦੀਆਂ ਝੰਡੀਆਂ ਲਗਾਈਆਂ ਜਾਣ ਅਤੇ ਅਸਿੱਧੇ ਤੌਰ 'ਤੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਇਆ ਜਾਵੇ।