ਮੈਲਬੋਰਨ: ਭਾਰਤ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਖਿਲਾਫ ਆਈਸੀਸੀ ਨੇ ਵੱਡੀ ਕਾਰਵਾਈ ਕੀਤੀ ਹੈ। ਸੈਮ ਕੌਂਸਟਾਸ ਦੇ ਨਾਲ ਮੈਦਾਨ 'ਤੇ ਹੋਏ ਝਗੜੇ ਲਈ ਉਨ੍ਹਾਂ 'ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਕ ਡੀਮੈਰਿਟ ਪੁਆਇੰਟ ਦਿੱਤਾ ਗਿਆ ਹੈ।
ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਵਿਰਾਟ ਕੋਹਲੀ ਦੀ ਟੱਕਰ ਆਸਟ੍ਰੇਲੀਆ ਦੇ ਨੌਜਵਾਨ ਬੱਲੇਬਾਜ਼ ਸੈਮ ਕੌਂਸਟਾਸ ਨਾਲ ਹੋ ਗਈ। ਜਿਸ ਤੋਂ ਬਾਅਦ ਆਸਟ੍ਰੇਲੀਆ ਦੇ ਕਈ ਸਾਬਕਾ ਖਿਡਾਰੀਆਂ ਨੇ ਵੀ ਕੋਹਲੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।
The ICC has confirmed the sanction for Virat Kohli.#AUSvIND | #WTC25https://t.co/tfbmHJRzTi
— ICC (@ICC) December 26, 2024
ਆਈ.ਸੀ.ਸੀ ਦਾ ਕੋਹਲੀ ਖਿਲਾਫ਼ ਐਕਸ਼ਨ
ਇਸ ਤੋਂ ਬਾਅਦ, ਕ੍ਰਿਕਬਜ਼ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਕਿ ਕੋਹਲੀ 'ਤੇ ਇਹ ਪਾਬੰਦੀ ਕੌਂਸਟਾਸ ਨਾਲ ਜਾਣਬੁੱਝ ਕੇ ਟਕਰਾਉਣ ਲਈ ਲਗਾਈ ਗਈ। ਜਿਸ ਦਾ ਮੁਲਾਂਕਣ ਮੈਚ ਰੈਫਰੀ ਐਂਡੀ ਪਾਈਕਰਾਫਟ ਨੇ ਕੀਤਾ ਹੈ। ਹੁਣ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਵੀ ਅਧਿਕਾਰਤ ਬਿਆਨ ਦੇ ਕੇ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਹੈ। ਕੋਹਲੀ 'ਤੇ ਇਹ ਜੁਰਮਾਨਾ ਕੋਡ ਆਫ ਕੰਡਕਟ ਦੀ ਧਾਰਾ 2.12 ਦੇ ਤਹਿਤ ਲਗਾਇਆ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕ੍ਰਿਕਟ 'ਚ ਕਿਸੇ ਵੀ ਤਰ੍ਹਾਂ ਦੇ ਅਣਉਚਿਤ ਸਰੀਰਕ ਸੰਪਰਕ ਦੀ ਮਨਾਹੀ ਹੈ।
ਕੋਹਲੀ ਅਤੇ ਕੌਂਸਟਾਸ ਵਿਚਕਾਰ ਕਦੋਂ ਹੋਈ ਝੜਪ?
ਕੋਹਲੀ ਅਤੇ ਕੌਂਸਟਾਸ ਵਿਚਕਾਰ ਇਹ ਘਟਨਾ 10ਵੇਂ ਓਵਰ ਤੋਂ ਬਾਅਦ ਵਾਪਰੀ, ਜਦੋਂ ਕੋਹਲੀ ਦੇ ਹੱਥ ਵਿੱਚ ਗੇਂਦ ਸੀ ਅਤੇ ਉਹ ਰਸਤਾ ਬਦਲ ਕੇ ਕੌਂਸਟਾਸ ਦੇ ਮੋਢੇ ਨਾਲ ਟਕਰਾ ਗਿਆ। ਜਿਸ ਨੂੰ ਕੌਂਸਟਾਸ ਨੇ ਨਾਪਸੰਦ ਕੀਤਾ ਅਤੇ ਉਨ੍ਹਾਂ ਨਾਲ ਕੁਝ ਸ਼ਬਦਾਂ ਦਾ ਅਦਾਨ-ਪ੍ਰਦਾਨ ਕੀਤਾ। ਕੌਂਸਟਾਸ ਦੇ ਓਪਨਿੰਗ ਪਾਰਟਨਰ ਉਸਮਾਨ ਖਵਾਜਾ ਅਤੇ ਮੈਦਾਨੀ ਅੰਪਾਇਰ ਮਾਈਕਲ ਗਫ ਤੁਰੰਤ ਸਥਿਤੀ ਨੂੰ ਸ਼ਾਂਤ ਕਰਨ ਲਈ ਆ ਗਏ।
Steve Smith remains unbeaten at the end of Day 1 as India fight back in the final session.#WTC25 | #AUSvIND 📝: https://t.co/rwOpsAESqm pic.twitter.com/NCLraL69Xc
— ICC (@ICC) December 26, 2024
ਵਿਰਾਟ ਦੀ ਟੱਕਰ 'ਤੇ ਕੌਂਸਟਾਸ ਨੇ ਕੀ ਕਿਹਾ?
ਇਸ ਸਭ ਦੇ ਵਿਚਕਾਰ 19 ਸਾਲ ਦੇ ਆਸਟ੍ਰੇਲੀਆਈ ਬੱਲੇਬਾਜ਼ ਨੇ ਕਿਹਾ ਕਿ ਕੋਹਲੀ ਗਲਤੀ ਨਾਲ ਉਸ ਨਾਲ ਟਕਰਾ ਗਏ ਸੀ ਅਤੇ ਕ੍ਰਿਕਟ ਵਿੱਚ ਅਜਿਹਾ ਹੁੰਦਾ ਹੈ। ਪਹਿਲੇ ਦਿਨ ਦੇ ਦੂਜੇ ਸੈਸ਼ਨ ਦੇ ਦੌਰਾਨ ਚੈਨਲ 7 ਨਾਲ ਗੱਲ ਕਰਦੇ ਹੋਏ ਕੌਂਸਟਾਸ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਭਾਵਨਾਵਾਂ ਤੋਂ ਬਾਹਰ ਹੋ ਗਏ। ਮੈਨੂੰ ਸਮਝ ਵੀ ਨਹੀਂ ਆਈ, ਮੈਂ ਆਪਣੇ ਦਸਤਾਨੇ ਪਹਿਨੇ ਹੋਏ ਸੀ ਜਦੋਂ ਅਚਾਨਕ ਉਨ੍ਹਾਂ ਦਾ ਮੋਢਾ ਮੇਰੇ ਨਾਲ ਟਕਰਾ ਗਿਆ। ਇਹ ਸਭ ਕ੍ਰਿਕਟ ਵਿੱਚ ਹੁੰਦਾ ਰਹਿੰਦਾ ਹੈ'।
ਭਾਰਤ ਅਤੇ ਆਸਟ੍ਰੇਲੀਆ ਚੌਥੇ ਟੈਸਟ ਦੇ ਪਹਿਲੇ ਦਿਨ
ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ 86 ਓਵਰਾਂ 'ਚ 6 ਵਿਕਟਾਂ ਗੁਆ ਕੇ 311 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ 68 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ ਅਤੇ ਕਪਤਾਨ ਪੈਟ ਕਮਿੰਸ 8 ਦੌੜਾਂ ਬਣਾ ਚੁੱਕੇ ਹਨ। ਆਸਟ੍ਰੇਲੀਆ ਲਈ ਸੈਮ ਕੌਂਸਟਾਸ (60), ਉਸਮਾਨ ਖਵਾਜਾ (57), ਮਾਰਨਸ ਲੈਬੁਸ਼ਗਨ (72) ਅਤੇ ਸਟੀਵ ਸਮਿਥ (68) ਨੇ ਦੌੜਾਂ ਬਣਾਈਆਂ। ਬੁਮਰਾਹ ਨੇ 3-75 ਵਿਕਟਾਂ ਲਈਆਂ ਜਦਕਿ ਆਕਾਸ਼ਦੀਪ, ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਨੂੰ ਇਕ-ਇਕ ਵਿਕਟ ਮਿਲੀ।