ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਅਤੇ ਗਲਾਡਾ ਵੱਲੋਂ ਬਿਜਲੀ ਮਹਿਕਮੇ ਨੂੰ ਸਾਫ਼ ਕਿਹਾ ਗਿਆ ਹੈ ਕਿ ਬਿਨਾਂ ਐੱਨਓਸੀ ਕਿਸੇ ਦਾ ਵੀ ਮੀਟਰ ਨਹੀਂ ਲਗਾਇਆ ਜਾਵੇਗਾ, ਪਰ ਆਮ ਆਦਮੀ ਪਾਰਟੀ ਦੇ ਆਗੂ ਖੁਦ ਹੀ ਆਪਣੀ ਹੀ ਸਰਕਾਰ ਦੇ ਇਸ ਫੈਸਲੇ ਨੂੰ ਨਹੀਂ ਮੰਨ ਰਹੇ। ਪੰਜਾਬੀ ਵਿੱਚ ਬਣੀਆਂ ਗ਼ੈਰ ਕਾਨੂੰਨੀ ਕਲੋਨੀਆਂ ਉੱਤੇ ਠੱਲ ਪਾਉਣ ਲਈ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕੇ ਬਿਨਾਂ ਐੱਨਓਸੀ ਦੇ ਕਿਸੇ ਵੀ ਘਰ ਦਾ ਮੀਟਰ ਨਹੀਂ ਲਗਾਇਆ ਜਾਵੇਗਾ।
ਸਰਕਾਰ ਦੇ ਖ਼ਿਲਾਫ਼ 'ਆਪ' ਦੇ ਆਗੂ: ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਹੀ ਗਿਆਨ ਚੰਦ ਕਾਲਾ ਨਾਂ ਦੇ ਆਗੂ ਵੱਲੋਂ ਬੀਤੇ ਦਿਨ ਲਲਤੋ ਦੇ ਬਿਜਲੀ ਦਫ਼ਤਰ ਆ ਕੇ ਚਮਕੌਰ ਸਿੰਘ ਬਿਜਲੀ ਮੁਲਾਜ਼ਮ ਨੂੰ ਬਿਨਾਂ ਐੱਨਓਸੀ ਮੀਟਰ ਲਗਾਉਣ ਲਈ ਕਿਹਾ ਗਿਆ ਹੈ। ਜਦੋਂ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਹੈ ਤਾਂ ਬਿਜਲੀ ਮੁਲਾਜ਼ਮਾਂ ਦੇ ਨਾਲ ਉਸ ਨੂੰ ਵੱਲੋਂ ਮੰਦਾ ਚੰਗਾ ਬੋਲਿਆ ਗਿਆ, ਜਿਸ ਦੀ ਸ਼ਿਕਾਇਤ ਬਿਜਲੀ ਮੁਲਾਜ਼ਮਾਂ ਵੱਲੋਂ ਪੁਲਿਸ ਨੂੰ ਵੀ ਕੀਤੀ ਗਈ ਪਰ ਪੁਲਸ ਨੇ ਕਾਰਵਾਈ ਤਾਂ ਕੋਈ ਨਹੀਂ ਕੀਤੀ ਪਰ ਆਗੂ ਦੇ ਦਬਾਅ ਦੇ ਚਲਦਿਆਂ ਬਿਜਲੀ ਮੁਲਾਜ਼ਮ ਚਮਕੌਰ ਸਿੰਘ ਦੀ ਬਦਲੀ ਕਰ ਦਿੱਤੀ ਗਈ ਹੈ। ਜਿਸ ਦਾ ਹੁਣ ਜਿਸ ਦਾ ਬਿਜਲੀ ਕਾਮਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਕੰਮ ਵਿੱਚ ਪਾਰਦਾਰਸ਼ਤਾ: ਅੱਜ ਵੀ ਬਿਜਲੀ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਨਾਲ਼ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਬਿਜਲੀ ਮੁਲਾਜ਼ਮਾਂ ਦਾ ਸਮਰਥਨ ਦਿੱਤਾ ਗਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਆਗੂ ਆਪਣੀ ਹੀ ਪਾਰਟੀ ਦੇ ਫੈਸਲਿਆਂ ਨੂੰ ਨਹੀਂ ਮੰਨਦੇ ਅਤੇ ਸਰਕਾਰੀ ਅਫਸਰਾਂ ਅਤੇ ਅਧਿਕਾਰੀਆਂ ਉੱਤੇ ਦਬਾਅ ਬਣਾ ਰਹੇ ਨੇ ਜਦੋਂ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪਾਰਦਰਸ਼ਤਾ ਕੰਮ ਦੇ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਤੁਰੰਤ ਸਰਕਾਰ ਇਸ ਬਦਲੀ ਉੱਤੇ ਰੋਕ ਲਗਾਏ ਅਤੇ ਜਿਸ ਆਗੂ ਵੱਲੋਂ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਗਿਆ ਅਤੇ ਬਦਸਲੂਕੀ ਕੀਤੀ ਗਈ ਉਸ ਉੱਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਵੀ ਤਿੱਖਾ ਕਰਨਗੇ।
ਬਿਜਲੀ ਦੀ ਨਿਰਵਿਘਨ ਸਪਲਾਈ: ਬਿਜਲੀ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਸਰਕਾਰ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਹੀ ਸਾਫ਼ ਕਿਹਾ ਗਿਆ ਕਿ ਝੋਨੇ ਦਾ ਸੀਜਨ ਆਉਣ ਵਾਲਾ ਹੈ । ਜਿਸ ਵਿੱਚ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਚਾਹੀਦੀ ਹੈ। ਅਜਿਹੇ ਵਿੱਚ ਜੇਕਰ ਬਿਜਲੀ ਮੁਲਾਜ਼ਮਾਂ ਨੂੰ ਤੰਗ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਬਦਲੀਆਂ ਕੀਤੀਆਂ ਜਾਣਗੀਆਂ ਤਾਂ ਬਿਜਲੀ ਦੀ ਨਿਰਵਿਘਨ ਸਪਲਾਈ ਉੱਤੇ ਇਸ ਦਾ ਮਾੜਾ ਅਸਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਆਗੂ ਬਿਨਾਂ ਵਜ੍ਹਾ ਮੁਲਾਜ਼ਮਾਂ ਨੂੰ ਤੰਗ ਕਰ ਰਹੇ ਨੇ ਆਪਣੀ ਸ਼ਕਤੀ ਦਾ ਰੋਹਬ ਪਾ ਰਹੇ ਨੇ ਜੋ ਕਿ ਸਹੀ ਨਹੀਂ ਹੈ। ਇਸ ਨਾਲ ਉਨ੍ਹਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਨੇ।