ਲੁਧਿਆਣਾ: ਲੁਧਿਆਣਾ ਡੀਐਮਸੀ ਦੇ ਵਿਚ ਮਾਹੌਲ ਤਣਾਅਪੂਰਨ ਹੋ ਗਿਆ। ਕੌਮੀ ਇਨਸਾਫ ਮੋਰਚਾ ਦੇ ਆਗੂ ਬਾਪੂ ਸੂਰਤ ਸਿੰਘ ਖਾਲਸਾ ਦੇ ਨਿੱਜੀ ਕਮਰੇ ਤੱਕ ਪਹੁੰਚ ਗਏ। ਪੁਲਿਸ ਦੇ ਰੋਕਣ 'ਤੇ ਧੱਕਾ-ਮੁੱਕੀ ਵੀ ਹੋਈ। ਡੀਐਮਸੀ ਹਸਪਤਾਲ ਪੁਲਿਸ ਛੌਣੀ ਵਿਚ ਤਬਦੀਲ ਹੋ ਗਿਆ।
ਡੀਐਮਸੀ ਬਾਹਰ ਪੱਕਾ ਮੋਰਚਾ: ਕੌਮੀ ਸਾਫ ਮੋਰਚੇ ਵੱਲੋਂ ਸੋਮਵਾਰ ਸਵੇਰੇ 12 ਵਜੇ ਤੋਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਬਾਹਰ ਪੱਕਾ ਮੋਰਚਾ ਬਾਪੂ ਸੂਰਤ ਸਿੰਘ ਖਾਲਸਾ ਨੂੰ ਲਿਜਾਣ ਲਈ ਲਗਾਇਆ ਜਾਣਾ ਹੈ। ਪਰ ਇਸ ਤੋਂ ਪਹਿਲਾਂ ਸ਼ਾਮ ਨੂੰ ਡੀਐਮਸੀ ਹਸਪਤਾਲ ਵਿੱਚ ਹੰਗਾਮਾ ਹੋ ਗਿਆ। ਜਦੋਂ ਕੌਮੀ ਇਨਸਾਫ ਮੋਰਚੇ ਦੇ ਆਗੂ ਬਾਪੂ ਸੂਰਤ ਸਿੰਘ ਖਾਲਸਾ ਦੇ ਕਮਰੇ ਤੱਕ ਪਹੁੰਚ ਗਏ। ਇਸ ਦੌਰਾਨ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਮੌਕੇ 'ਤੇ ਆਉਣਾ ਪਿਆ। ਇਸ ਦੌਰਾਨ ਕੁਝ ਨਿਹੰਗ ਸਿੰਘ ਅਤੇ ਪੁਲਿਸ ਦੇ ਮੁਲਾਜ਼ਮਾਂ ਦੇ ਵਿਚਕਾਰ ਹਸਪਤਾਲ ਦੇ ਵਾਰਡ ਦੇ ਅੰਦਰ ਧੱਕਾ-ਮੁੱਕੀ ਵੀ ਹੋ ਗਈ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਡੀਐਮਸੀ ਹਸਪਤਾਲ ਦਾ ਮੈਨ ਦਰਵਾਜ਼ਾ ਬੰਦ ਕਰ ਦਿੱਤਾ ਹੈ ਅਤੇ ਮਰੀਜ਼ ਤੋਂ ਬਿਨਾਂ ਕਿਸੇ ਨੂੰ ਵੀ ਹੁਣ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਵੀ ਹੈ ਅਤੇ ਡੀਐਮਸੀ ਹਸਪਤਾਲ ਨੂੰ ਹੁਣ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਡੀਐਮਸੀ ਵਿੱਚ ਹੋਏ ਹੰਗਾਮੇ ਨੂੰ ਲੈਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਬਿਆਨ ਆਇਆ ਸਾਹਮਣੇ ਹੈ, ਉਹਨਾਂ ਨੇ ਕਿਹਾ ਕਿ ਅਸੀਂ ਅਤੇ ਡੀਐਮਸੀ ਦੇ ਡਾਕਟਰ ਬਾਪੂ ਦੀ ਸਿਹਤ ਨੂੰ ਲੈਕੇ ਚਿੰਤਤ ਹਾਂ, ਇਸ ਕਰਕੇ ਡਾਕਟਰ ਦੀ ਸਲਾਹ ਨਾਲ ਹੀ ਅਗਲਾ ਫੈਸਲਾ ਲਿਆ ਜਾਵੇਗਾ। ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਬਾਪੂ ਦੀ ਸਿਹਤ ਨੂੰ ਲੈਕੇ ਸੀਨੀਅਰ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ ਜੋਕਿ ਆਖ਼ਿਰੀ ਫੈਸਲਾ ਲਵੇਗੀ।
ਸੋਸ਼ਲ ਮੀਡੀਆ ਤੇ ਹਸਪਤਾਲ ਵਿਚਲੀ ਵੀਡੀਓ ਵਾਇਰਲ: ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਖੁਦ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਸਮਝਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੌਮੀ ਇਨਸਾਫ਼ ਮੋਰਚੇ ਦੇ ਕੁੱਝ ਵਰਕਰਾਂ ਨੂੰ ਜਿਨ੍ਹਾਂ ਵੱਲੋਂ ਹਸਪਤਾਲ ਦੇ ਅੰਦਰ ਆ ਕੇ ਹੰਗਾਮਾ ਕੀਤਾ ਗਿਆ ਸੀ ਉਨ੍ਹਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਡੀਐਮਸੀ ਹਸਪਤਾਲ ਦੇ ਅੰਦਰੋਂ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਕਮਿਸ਼ਨਰ ਖੁਦ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਸਮਝਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਪੂਰੇ ਮਾਮਲਾ ਵਧਦਾ ਵੇਖ ਪੁਲਿਸ ਨੇ ਡੀਐਮਸੀ ਹਸਪਤਾਲ ਦੇ ਚੱਪੇ-ਚੱਪੇ 'ਤੇ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਹੈ।
ਕੌਂਣ ਹੈ ਬਾਪੂ ਸੂਰਤ ਸਿੰਘ ਪ੍ਰਦਰਸ਼ਨ ਕਿਉਂ: ਕਾਬਿਲੇਗੌਰ ਹੈ ਕਿ ਹੈ ਕੌਮ ਇਨਸਾਫ ਮੋਰਚਾ ਵੱਲੋਂ ਬਾਪੂ ਸੂਰਤ ਸਿੰਘ ਖਾਲਸਾ ਜੋ ਕਿ 2015 ਦੇ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਗਏ। ਕੁਝ ਸਮੇਂ ਪਹਿਲਾਂ ਉਨ੍ਹਾਂ ਦੀ ਭੁੱਖ ਹੜਤਾਲ ਮੋਰਚੇ ਵੱਲੋਂ ਹੀ ਖੁਲਵਾਈ ਗਈ ਸੀ ਹੁਣ ਉਨ੍ਹਾਂ ਨੂੰ ਆਪਣੇ ਨਾਲ ਲਿਜਾਣ ਲਈ ਪੰਜ ਮੈਂਬਰੀ ਵਫ਼ਦ ਡੀਐਮਸੀ ਹਸਪਤਾਲ ਪਹੁੰਚਿਆ ਸੀ ਪਰ ਪ੍ਰਸ਼ਾਸ਼ਨ ਵੱਲੋਂ ਅਤੇ ਡੀਐਮਸੀ ਵੱਲੋਂ ਬਾਪੂ ਸੂਰਤ ਸਿੰਘ ਨੂੰ ਛੁੱਟੀ ਨਾ ਦੇਣ ਦੇ ਰੋਸ ਵਿੱਚ ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੌਮੀ ਇਨਸਾਫ਼ ਮੋਰਚੇ ਵੱਲੋਂ 48 ਘੰਟੇ ਦਾ ਸਮਾਂ ਦੇਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਸੋਮਵਾਰ ਨੂੰ ਪੱਕਾ ਮੋਰਚਾ ਡੀਐਮਸੀ ਦੇ ਬਾਹਰ ਲਾਉਣ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ:- Punjab government approached Supreme Court: ਰਾਜਪਾਲ ਦੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ