ਲੁਧਿਆਣਾ: ਅੱਜ ਦੇਸ਼ ਭਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ, ਪਰ ਕੋਰੋਨਾ ਮਹਾਂਮਾਰੀ ਕਰਕੇ ਮੰਦਰਾਂ ਵਿੱਚ ਬਹੁਤੇ ਵੱਡੇ ਸਮਾਗਮ ਨਹੀਂ ਕਰਵਾਏ ਜਾ ਰਹੇ।
ਲੁਧਿਆਣਾ ਸਥਿਤ ਗੋਬਿੰਦ ਗੋਧਾਮ ਮੰਦਰ ਵਿੱਚ ਵੀ ਸ਼ਰਧਾਲੂ ਨਤਮਸਤਕ ਹੋ ਰਹੇ ਹਨ। ਮੰਦਰ ਦੇ ਮਹੰਤ ਨੇ ਦੱਸਿਆ ਕਿ ਠਾਕੁਰ ਜੀ ਦੀ ਸੇਵਾ ਲਈ ਉਹ ਵਚਨਬੱਧ ਹਨ ਅਤੇ ਪੂਰੀਆਂ ਰਸਮਾਂ ਦੇ ਨਾਲ ਉਨ੍ਹਾਂ ਦਾ ਜਨਮ ਦਿਵਸ ਮਨਾਇਆ ਜਾਵੇਗਾ।
ਸ੍ਰੀ ਗੋਬਿੰਦ ਗੋਧਾਮ ਮੰਦਿਰ ਦੇ ਪੰਡਿਤ ਅਲੋਕ ਸ਼ਾਸਤਰੀ ਨੇ ਦੱਸਿਆ ਕਿ ਗੋਬਿੰਦ ਧਾਮ ਮੰਦਰ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਂਕੇ ਬਿਹਾਰੀ ਦਾ ਜਨਮ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਦਰ ਵਿੱਚ ਬਹੁਤ ਵੱਡੇ ਇਕੱਠ ਜਾਂ ਸਮਾਗਮ ਨਹੀਂ ਕਰਵਾਏ ਜਾ ਰਹੇ ਹਨ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ 9 ਵਜੇ ਤੋਂ ਬਾਅਦ ਮੰਦਰਾਂ ਵਿੱਚ ਸ਼ਰਧਾਲੂ ਨਹੀਂ ਆ ਸਕਣਗੇ।
ਉਨ੍ਹਾਂ ਕਿਹਾ ਕਿ ਸਾਰੇ ਪੰਡਿਤ ਮਿਲ ਕੇ ਅੱਧੀ ਰਾਤ 12 ਵਜੇ ਬ੍ਰਿਜ ਲਾਲ ਦੇ ਆਗਮਨ ਦੀ ਆਰਤੀ ਪੂਰੀ ਕਰਨਗੇ। ਪ੍ਰਸ਼ਾਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣ ਕਰਨਗੇ ਅਤੇ ਭਗਵਾਨ ਕ੍ਰਿਸ਼ਨ ਦੇ ਜਨਮ ਦਿਵਸ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।