ਲੁਧਿਆਣਾ: ਜ਼ਿਲ੍ਹੇ ਦੇ ਹੋਟਲ ਓਨ ਅਤੇ ਡੀਐਮਸੀ ਰੋਡ 'ਤੇ ਉਸ ਵੇਲੇ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ ਜਦੋਂ ਸੜਕ ਉੱਪਰ ਭਾਰੀ ਵਾਹਨ ਨਿਕਲਣ ਦੇ ਕਾਰਨ ਸੜਕ ਦਾ ਇੱਕ ਟੋਟਾ ਜ਼ਮੀਨ 'ਚ ਧੱਸ ਗਿਆ ਅਤੇ ਡੂੰਘਾ ਟੋਆ ਬਣ ਗਿਆ। ਹਾਲਾਂਕਿ ਇਸ ਦੌਰਾਨ ਤੁਰੰਤ ਮੌਕੇ 'ਤੇ ਪੁੱਜੀ ਨਗਰ ਨਿਗਮ ਦੀ ਟੀਮ ਟੋਏ ਨੂੰ ਭਰਨ ਦੀ ਕੋਸ਼ਿਸ਼ ਕਰਦੀ ਵਿਖਾਈ ਦਿੱਤੀ।
ਮੌਕੇ 'ਤੇ ਪਹੁੰਚੇ ਕੌਂਸਲਰ ਗੁਰਦੀਪ ਗੋਗੀ ਨੇ ਦੱਸਿਆ ਕਿ ਫਿਲਹਾਲ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਪਏ ਪਾੜ ਦੇ ਪਿੱਛਲੇ ਕਾਰਨਾਂ ਦਾ ਜ਼ਰੂਰ ਪਤਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਪਿੱਛੇ ਕਿਸੇ ਦੀ ਸ਼ਰਾਰਤ ਸਾਹਮਣੇ ਆਈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਬਲਕਿ ਉਸ ਦੋਸ਼ੀ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਦਾ ਡੀਐਮਸੀ ਰੋਡ ਇੱਕ ਅਹਿਮ ਰੋਡ ਹੈ ਜਿਸ ਕਾਰਨ ਇਸ ਸੜਕ 'ਤੇ ਪਾੜ ਪੈਣ ਕਾਰਨ ਲੁਧਿਆਣਾ ਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।