ਜਗਰਾਓਂ: ਕਾਂਗਰਸ ਪਾਰਟੀ ਵੱਲੋਂ ਪੰਜਾਬ ’ਚ ਨਵੀਂ ਲਿਸਟ ਜਾਰੀ ਹੋਣ ਤੋਂ ਬਾਅਦ ਜਿਥੇ ਉਮੀਦਵਾਰਾਂ ਨੇ ਰੋਸ ਜਤਾਇਆ (Congressmen protest over ticket in Jagraon) ਉੱਥੇ ਹੀ ਹਲਕਾ ਜਗਰਾਓਂ ਵਿੱਚ ਭੁਚਾਲ ਆ ਗਿਆ। ਜਗਰਾਓਂ ਹਲਕੇ ਤੋਂ ਕਾਂਗਰਸ ਪਾਰਟੀ ਲਈ 12 ਉਮੀਦਵਾਰ ਕਤਾਰ ਵਿੱਚ ਸਨ, ਪਰ ਮੁਖ ਤੌਰ 'ਤੇ ਚਾਰ ਉਮੀਦਵਾਰ ਮਲਕੀਤ ਸਿੰਘ ਦਾਖਾ, ਗੇਜਾ ਰਾਮ, ਅਵਤਾਰ ਸਿੰਘ ਚੀਮਨਾ ਅਤੇ ਬੀਬੀ ਗੁਰਕੀਰਤ ਕੌਰ ਆਸਾਂ ਲਗਾਈ ਬੈਠੇ ਸਨ। ਕਾਂਗਰਸ ਪਾਰਟੀ ਵਲੋਂ ਰਾਏਕੋਟ ਤੋਂ ਆਏ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਟਿਕਟ ਦੇਕੇ ਇੰਨਾ ਚਾਰਾਂ ਨੇਤਾਵਾਂ ਦੀ ਨਾਰਾਜ਼ਗੀ ਮੁੱਲ ਲੈ ਲਈ ਹੈ।
ਇਹ ਵੀ ਪੜੋ: Punjab Assembly Election 2022: APP ਵੱਲੋਂ ਚੋਣ ਮੁਹਿੰਮ ਗੀਤ ‘ਇੱਕ ਮੌਕਾ’ ਲਾਂਚ
ਸਥਾਨਕ ਝਾਂਸੀ ਰਾਣੀ ਚੌਕ ਵਿੱਚ ਟਿਕਟ ਲੈਣ ਦੇ ਸਾਰੇ ਚਾਹਵਾਨਾਂ ਵੱਲੋਂ ਆਪਣੇ ਸਪੋਟਰਾਂ ਨੂੰ ਨਾਲ ਲੈਕੇ ਮੁੱਖ ਮੰਤਰੀ ਚੰਨੀ ਅਤੇ ਹਰੀਸ਼ ਚੌਧਰੀ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਤਲਾ ਫੂਕਿਆ ਗਿਆ। ਇਸ ਮੌਕੇ ਜੱਗਾ ਭਜਾਓ, ਜਗਰਾਓਂ ਬਚਾਓ ਦੇ ਨਾਅਰੇ ਲਗਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਗੇਜਾ ਰਾਮ ਨੇ ਦੱਸਿਆ ਕਿ 4 ਨੇਤਾਵਾਂ ਵੱਲੋਂ ਪਰਚੀ ਪਾਈ ਗਈ ਜਿਸ ਵਿੱਚ ਅਵਤਾਰ ਸਿੰਘ ਚੀਮਨਾ ਦਾ ਨਾਮ ਆਇਆ ਅਤੇ ਹੁਣ ਅਵਤਾਰ ਸਿੰਘ ਚੀਮਨਾ ਨੂੰ ਬਤੌਰ ਆਜ਼ਾਦ ਉਮੀਦਵਾਰ ਜਗਰਾਓਂ ਤੋਂ ਐਲਾਨਿਆ ਜਾਵੇਗਾ ਅਤੇ ਸਾਰੇ ਬਾਕੀ ਤਿੰਨ ਨੇਤਾ ਉਹਨਾਂ ਲਈ ਪ੍ਰਚਾਰ ਕਰਨਗੇ।
ਗੇਜਾ ਰਾਮ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਵਾਲਮੀਕਿ ਸਮਾਜ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਹਨਾਂ ਕਿਹਾ ਕਿ ਜਗਰਾਓਂ ਸਮੇਤ ਕਈ ਹਲਕਿਆਂ ਵਿੱਚ ਕਾਂਗਰਸ ਹਾਈਕਮਾਨ ਵੱਲੋਂ ਵਾਲਮੀਕਿ ਸਮਾਜ ਦੇ ਨੁਮਾਇਦਿਆਂ ਨੂੰ ਅਣਗੌਲਿਆ ਗਿਆ ਹੈ, ਜਿਸ ਕਾਰਨ ਅਸੀਂ ਵਿਰੋਧ ਦੇ ਰਾਹ ਪੈ ਗਏ ਹਾਂ। ਉਹਨਾਂ ਕਿਹਾ ਕਿ ਕਾਂਗਰਸ ਹਾਇਕਮਾਨ ਵੱਲੋਂ ਪੈਸੇ ਲੈਕੇ ਜਗਰਾਓਂ ਦੀ ਟਿਕਟ ਵੇਚੀ ਗਈ ਹੈ ਅਤੇ ਕਿਹਾ ਕਿ ਜੱਗਾ ਹਿੱਸੋਵਾਲ ਵੱਲੋਂ ਟੂਣੇ ਟੱਪਣੇ ਕਰਕੇ ਕਾਂਗਰਸ ਪਾਰਟੀ ਤੋਂ ਟਿਕਟ ਹਾਸਲ ਕੀਤੀ ਹੈ।
ਇਸ ਮੌਕੇ ਬੋਲਦਿਆਂ ਅਵਤਾਰ ਸਿੰਘ ਚੀਮਨਾ ਨੇ ਕਿਹਾ ਕਿ ਉਹ ਪਾਰਟੀ ਨੂੰ ਕਰੋੜਾਂ ਰੁਪਏ ਬਤੌਰ ਸੇਵਾ ਵੱਜੋਂ ਦੇ ਚੁੱਕੇ ਹਨ ਅਤੇ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਜਗਰਾਓਂ ਤੋਂ ਟਿਕਟ ਦਿੱਤੀ ਜਾਵੇਗੀ, ਪਰ ਹੁਣ ਬਾਹਰੀ ਉਮੀਦਵਾਰ ਜਗਰਾਓਂ 'ਤੇ ਲਿਆਕੇ ਧੱਕਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਪਾਰਟੀ ਵੱਲੋਂ 12 ਵਜੇ ਤੱਕ ਟਿਕਟ ਰੱਦ ਨਹੀਂ ਕੀਤੀ ਜਾਂਦੀ ਤਾਂ ਉਹ ਆਜ਼ਾਦ ਚੋਣ ਲੜਕੇ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਬਣਨਗੇ।
ਇਸ ਮੌਕੇ ਮਲਕੀਤ ਸਿੰਘ ਦਾਖਾ ਨੇ ਵੀ ਪਿੱਛੇ ਨਾ ਰਹਿੰਦਿਆਂ ਸੈਕੜੇ ਦੇ ਇਕੱਠ ਨਾਲ ਆਪਣੀ ਨਾਰਾਜ਼ਗੀ ਜਤਾਈ ਅਤੇ ਰੱਜ ਕੇ ਕਾਂਗਰਸ ਸਰਕਾਰ ਨੂੰ ਕੋਸਿਆ ਅਤੇ ਕਿਹਾ ਕਿ ਮੇਰੀ ਸਾਰੀ ਉਮਰ ਦੀ ਸੇਵਾ ਨੂੰ ਅਣਗੋਲੇ ਕਰਦਿਆਂ ਬਾਹਰਲੇ ਉਮੀਦਵਾਰ ਜੋ ਹਜੇ ਕਾਂਗਰਸ ਪਾਰਟੀ ਵਿੱਚ ਨਵਾਂ ਆਇਆ ਉਸ ਨੂੰ ਟਿਕਟ ਦੇ ਸਾਡੀ ਉਮੀਦਾਂ ਤੇ ਪਾਣੀ ਫੇਰਿਆ ਜਿਸ ਦਾ ਅਸੀਂ ਵਿਰੋਧ ਕੀਤਾ ਹੈ ਤੇ ਕਰਾਂਗੇ। ਇਸ ਮੌਕੇ ਹੋਰ ਵੀ ਸਾਰੇ ਨਾਰਾਜ਼ ਨੇਤਾਵਾਂ ਵਲੋਂ ਜੰਮਕੇ ਕਾਂਗਰਸ ਪਾਰਟੀ ਦੇ ਨੇਤਾਵਾਂ ਅਤੇ ਹਾਇਕਮਾਨ ਖਿਲਾਫ ਭੜਾਸ ਕੱਢਦਿਆਂ ਨਾਅਰੇਬਾਜ਼ੀ ਕੀਤੀ ਗਈ ਅਤੇ ਝਾਂਸੀ ਰਾਣੀ ਚੋਂਕ ਵਿੱਖੇ ਹਾਈਕਮਾਨ ਅਤੇ ਚੰਨੀ ਦਾ ਪੁਤਲਾ ਫੂਕਿਆ ਤੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਇਹ ਵੀ ਪੜੋ: ਮਜੀਠੀਆ ਦੇ ਰਿਹਾਇਸ਼ ’ਤੇ ਛਾਪੇਮਾਰੀ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ