ਲੁਧਿਆਣਾ: ਸ਼ਹਿਰ ਦੀ ਰੇਡੀਮੇਡ ਅਕਾਲਗੜ੍ਹ ਮਾਰਕੀਟ ਦੇ ਵਿੱਚ ਬੀਤੀ ਦੇਰ ਸ਼ਾਮ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ ਅਤੇ ਇਹ ਝਗੜਾ ਵੇਖਦੇ ਹੀ ਵੇਖਦੇ ਖੂਨੀ ਝੜਪ ਦੇ ਵਿੱਚ ਬਦਲ ਗਿਆ ਅਤੇ ਇੱਕ ਦੂਜੇ 'ਤੇ ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਇਹ ਪੂਰਾ ਵਿਵਾਦ ਕੱਪੜੇ ਚੋਰੀ ਕਰਨ ਵਾਲੇ ਇੱਕ ਸ਼ੱਕੀ ਨੂੰ ਫੜੇ ਜਾਣ ਤੋਂ ਬਾਅਦ ਵਧਿਆ, ਜਦੋਂ ਉਸ ਨੇ ਕਿਸੇ ਹੋਰ ਮੁਲਜ਼ਮ ਦਾ ਨਾਂ ਉਸਦੇ ਸਾਥੀ ਵਜੋਂ ਲਿਆ। ਜਿਸ ਤੋਂ ਬਾਅਦ ਜਦੋਂ ਉਸਦੇ ਸਾਥੀ ਨੂੰ ਬੁਲਾਇਆ ਗਿਆ ਤਾਂ ਉਹ ਆਪਣੇ ਨਾਲ ਚਾਰ ਤੋਂ ਪੰਜ ਹੋਰ ਸਾਥੀ ਲੈ ਆਇਆ ਅਤੇ ਮਾਰਕੀਟ ਵਾਲਿਆਂ ਦੇ ਨਾਲ ਉਸ ਦਾ ਝਗੜਾ ਹੋ ਗਿਆ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਕਿਹਾ ਕਿ ਜਿਸ ਦਾ ਕਸੂਰ ਹੋਵੇਗਾ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੁਕਾਨਦਾਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ: ਉਧਰ ਅਕਾਲਗੜ੍ਹ ਮਾਰਕੀਟ ਦੇ ਪ੍ਰਧਾਨ ਨੇ ਦੱਸਿਆ ਕਿ ਸਾਨੂੰ ਕਈ ਦਿਨਾਂ ਤੋਂ ਕੱਪੜੇ ਚੋਰੀ ਦੀਆਂ ਵਾਰਦਾਤਾਂ ਬਾਰੇ ਪਤਾ ਲੱਗ ਰਿਹਾ ਸੀ, ਜਿਸ ਤੋਂ ਬਾਅਦ ਉਹਨਾਂ ਨੇ ਇੱਕ ਚੋਰ ਨੂੰ ਮੌਕੇ 'ਤੇ ਦਬੋਚ ਲਿਆ ਪਰ ਉਸ ਤੋਂ ਬਾਅਦ ਉਸ ਚੋਰ ਨੇ ਕਿਸੇ ਦਾ ਨਾਂ ਲਿਆ ਤੇ ਜਦੋਂ ਉਸ ਨੂੰ ਸੱਦਿਆ ਗਿਆ ਤਾਂ ਉਹ ਪਹਿਲਾਂ ਆਪਣੇ ਨਾਲ ਕੁਝ ਬੰਦੇ ਲੈ ਕੇ ਆਇਆ ਪਰ ਉਸ ਨੂੰ ਸਮਝਾ ਕੇ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਉਹ ਕਈ ਬੰਦਿਆਂ ਦੇ ਨਾਲ ਆ ਗਿਆ ਅਤੇ ਉਸਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਦੁਕਾਨਦਾਰਾਂ 'ਤੇ ਹਮਲਾ ਸ਼ੁਰੂ ਕਰ ਦਿੱਤਾ। ਪ੍ਰਧਾਨ ਨੇ ਕਿਹਾ ਕਿ ਇਸ ਹਮਲੇ ਦੇ ਵਿੱਚ ਸਾਡੇ ਕਈ ਦੁਕਾਨਦਾਰ ਜ਼ਖਮੀ ਹੋ ਗਏ, ਇੱਕ ਦੇ ਸਿਰ 'ਤੇ ਸੱਟ ਲੱਗੀ ਹੈ ਤਾਂ ਦੂਜੇ ਦੀ ਲੱਤ ਉੱਤੇ ਅਤੇ ਤੀਜੇ ਦੀ ਉਂਗਲੀ ਟੁੱਟ ਗਈ ਹੈ। ਪ੍ਰਧਾਨ ਨੇ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਉਹਨਾਂ 'ਤੇ ਹਮਲਾ ਕੀਤਾ ਗਿਆ ਸੀ। ਕੁਝ ਜ਼ਖਮੀਆਂ ਨੂੰ ਡੀਐਮਸੀ ਹਸਪਤਾਲ ਅਤੇ ਕੁਝ ਨੂੰ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜ਼ਖਮੀ ਨੌਜਵਾਨੇ ਦੇ ਪਿਤਾ ਨੇ ਰੱਖਿਆ ਪੱਖ: ਦੂਜੇ ਪਾਸੇ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਇੱਕ ਨੌਜਵਾਨ ਦੇ ਪਿਤਾ ਜਦੋਂ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਤਾਂ ਉਹਨਾਂ ਨੇ ਦੱਸਿਆ ਕਿ ਅਕਾਲਗੜ੍ਹ ਮਾਰਕੀਟ ਦੇ ਵਿੱਚ ਇਹ ਝਗੜਾ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਬੇਟਾ ਉਥੇ ਹੀ ਕੰਮ ਕਰਦਾ ਹੈ ਤੇ ਉਸ ਨੂੰ ਪਤਾ ਲੱਗਿਆ ਕਿ ਕਿਸੇ ਚੋਰ ਨੂੰ ਦੁਕਾਨਦਾਰਾਂ ਨੇ ਫੜਿਆ ਹੋਇਆ ਤੇ ਜਦੋਂ ਉਹ ਵੇਖਣ ਲਈ ਗਿਆ ਤਾਂ ਦੁਕਾਨਦਾਰਾਂ ਨੇ ਉਸਨੂੰ ਫੜ ਕੇ ਕੁੱਟ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਿਸ ਕਰਕੇ ਉਸਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਜ਼ਖ਼ਮੀ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੇ ਬੇਟੇ ਦਾ ਕੋਈ ਕਸੂਰ ਨਹੀਂ ਹੈ ਉਸ ਦੀ ਬਿਨਾਂ ਵਜ੍ਹਾ ਕੁੱਟਮਾਰ ਕੀਤੀ ਗਈ ਹੈ, ਉਹਨਾਂ ਕਿਹਾ ਕਿ ਕੁੱਟਮਾਰ ਕਰਨ ਵਾਲਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
- ਕੜਾਕੇ ਦੀ ਠੰਢ ਨੇ ਠਾਰੇ ਪੰਜਾਬ ਦੇ ਲੋਕ; ਲੁਧਿਆਣਾ ਅਤੇ ਪਠਾਨਕੋਟ 'ਚ ਛਾਈ ਸੰਘਣੀ ਧੁੰਦ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ
- SYL ਮੁੱਦੇ 'ਤੇ ਹੋਣ ਵਾਲੀ ਮੀਟਿੰਗ ਦਾ ਕਿਸਾਨਾਂ ਨੇ ਕੀਤਾ ਵਿਰੋਧ, ਰੋਸ ਪ੍ਰਦਰਸ਼ਨ ਕਰ ਕੇ ਦਿੱਤੀ ਚਿਤਾਵਨੀ
- ਚੰਡੀਗੜ੍ਹ 'ਚ SYL 'ਤੇ ਅਹਿਮ ਮੀਟਿੰਗ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਰਹਿਣਗੇ ਮੌਜੂਦ, ਕੇਂਦਰੀ ਜਲ ਸਰੋਤ ਮੰਤਰੀ ਮਾਮਲੇ ਦਾ ਹੱਲ ਕੱਢਣ ਦੀ ਕਰਨਗੇ ਕੋਸ਼ਿਸ਼
ਕਾਨੂੰਨੀ ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ: ਉਧਰ ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਐੱਸਐੱਚਓ ਨੇ ਕਿਹਾ ਕਿ ਸਾਨੂੰ ਲੜਾਈ ਝਗੜੇ ਦੀ ਜਾਣਕਾਰੀ ਮਿਲੀ ਹੈ। ਦੋ ਧਿਰਾਂ ਵਿਚਕਾਰ ਇਹ ਝੜਪ ਹੋਈ ਹੈ ਅਤੇ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜਿਸ ਕਿਸੇ ਦਾ ਵੀ ਕਸੂਰ ਹੋਵੇਗਾ ਉਸ 'ਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।