ਲੁਧਿਆਣਾ: ਮੁੱਲਾਂਪੁਰ ਦਾਖਾ ਤੋਂ ਜ਼ਿਮਨੀ ਚੋਣਾਂ ਵਿੱਚ ਹਾਰਨ ਤੋਂ ਬਾਅਦ ਕਾਂਗਰਸ ਦੇ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਮੁਖਾਤਿਬ ਹੋਏ। ਇਸ ਦੌਰਾਨ ਕੈਪਟਨ ਸੰਧੂ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਲਈ ਉਹ ਨਾਕਾਮ ਰਹੇ ਹਨ। ਸੰਧੂ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਸਮਾਂ ਵੀ ਘੱਟ ਮਿਲਿਆ ਹੈ ਤੇ ਮਨਪ੍ਰੀਤ ਇਯਾਲੀ ਨੂੰ ਸਥਾਨਕ ਲੀਡਰ ਹੋਣ ਦਾ ਫ਼ਾਇਦਾ ਵੀ ਹੋਇਆ ਹੈ।
ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਉਹ ਲਗਾਤਾਰ ਹਲਕੇ ਵਿੱਚ ਡਟੇ ਰਹਿਣਗੇ ਤੇ ਵਿਕਾਸ ਦੇ ਕੰਮਾਂ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੇ। ਉਨ੍ਹਾਂ ਕਿਹਾ ਕਿ ਦਾਖਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਤਦਾਦ 'ਚ ਵੋਟ ਦਿੱਤੇ ਹਨ। ਇਸ ਕਰਕੇ ਉਹ ਦਾਖਾ ਹਲਕੇ ਦੇ ਲੋਕਾਂ ਦੇ ਧੰਨਵਾਦ ਕਰਦੇ ਹਨ ਤੇ ਉਹ ਵਿਕਾਸ ਲਈ ਦਾਖਾ ਹਲਕੇ ਵਿੱਚ ਉਪਰਾਲੇ ਕਰਦੇ ਰਹਿਣਗੇ।
ਉੱਥੇ ਹੀ ਦੂਜੇ ਪਾਸੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕੈਪਟਨ ਸੰਧੂ ਦੀ ਹਾਰ ਲਈ ਲੀਡਰਸ਼ਿਪ ਜੋ ਲੋਕਾਂ ਤੱਕ ਡਿਲੀਵਰ ਕਰਨਾ ਚਾਹੁੰਦੀ ਸੀ ਉਹ ਨਹੀਂ ਕਰ ਪਾਈ ਕਿਤੇ ਨਾ ਕਿਤੇ ਉਹ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਦਾਖਾ ਹਲਕੇ ਵਿੱਚ ਉਨ੍ਹਾਂ ਦਾ ਵੋਟ ਸ਼ੇਅਰ ਕੈਪਟਨ ਸੰਧੂ ਦੇ ਆਉਣ ਕਾਰਨ ਵਧਿਆ ਹੈ। ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਦਾਖਾ ਹਲਕੇ ਵਿੱਚ ਕਾਂਗਰਸ ਦੀ ਨਜ਼ਰ ਰਹੇਗੀ ਤੇ ਗੁੰਡਾਗਰਦੀ ਤੇ ਨਸ਼ੇ ਆਦਿ ਨੂੰ ਕਿਸੇ ਵੀ ਕੀਮਤ 'ਤੇ ਉੱਥੇ ਭਾਰੀ ਨਹੀਂ ਹੋਣ ਦੇਣਗੇ।
ਇੱਕ ਪਾਸੇ ਜਿੱਥੇ ਕੈਪਟਨ ਸੰਦੀਪ ਸੰਧੂ ਤੇ ਕੈਬਿਨੇਟ ਮੰਤਰੀ ਨੇ ਹਾਰ ਦੀ ਸਮੀਖਿਆ ਕਰਨ ਦੀ ਗੱਲ ਆਖੀ ਉੱਥੇ ਇਹ ਵੀ ਕਿਹਾ ਕਿ ਉਹ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਲਈ ਕਿਤੇ ਨਾ ਕਿਤੇ ਨਾਕਾਮ ਜ਼ਰੂਰ ਰਹੇ ਹਨ।