ਲੁਧਿਆਣਾ: ਖੰਨਾ ਪਹੁੰਚੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ 'ਤੇ ਆਪਣਾ ਵਿਚਾਰ ਰੱਖਦਿਆਂ ਕਿਹਾ ਕਿ ਕੇਂਦਰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕਿਸਾਨਾਂ ਨੂੰ ਖ਼ਤਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਖੇਤੀ ਕਾਨੂੰਨ ਨਾਲ ਕਿਸਾਨੀ ਖ਼ਤਮ ਹੋ ਜਾਵੇਗੀ।
ਕੇਂਦਰ ਸਰਕਾਰ 'ਤੇ ਨਿਸ਼ਾਨਾਂ ਲਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਲੱਕ ਤੋੜਨ ਤੇ ਲੱਗੀ ਹੋਈ ਹੈ। ਰੰਧਾਵਾ ਦਾ ਕਹਿਣਾ ਹੈ ਕਿ ਮੰਡੀ ਬੋਰਡਾਂ ਦੇ ਖ਼ਤਮ ਹੋਣ ਨਾਲ ਕਿਸਾਨ ਰੁਲ ਜਾਣਗੇ ਅਤੇ ਕਾਰਪੋਰੇਟ ਅਦਾਰਿਆਂ ਦਾ ਦਬਦਬਾ ਵੱਧ ਜਾਵੇਗਾ। ਉਨ੍ਹਾਂ ਐਮਐਸਪੀ ਨੂੰ ਲੈ ਕੇ ਵੀ ਕਈ ਸਵਾਲ ਚੁੱਕੇ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੋ ਐਮਐਸਪੀ ਨਾ ਖ਼ਤਮ ਕਰਨ ਦਾ ਹਵਾਲਾ ਦੇ ਰਹੀ ਹੈ ਉਹ ਸਾਫ ਕਰੇ ਕਿ ਐਮਐਸਪੀ ਸਰਕਾਰ ਨਿਰਧਾਰਿਤ ਕਰੇਗੀ ਜਾਂ ਕੋਂਟਰੈਕਟਰ।
ਕਿਸਾਨਾਂ ਦੇ ਧਰਨੇ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਭਾਵੇਂ ਸਰਕਾਰ ਨੂੰ ਇਨ੍ਹਾਂ ਧਰਨਿਆਂ ਕਾਰਨ ਕਈ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ, ਪਰ ਕਿਸਾਨਾਂ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਮਜਬੂਰੀ 'ਚ ਇਹ ਕਦਮ ਚੁੱਕਣਾ ਪਿਆ ਹੈ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ 'ਤੇ ਸਟੇਜ ਉੱਤੇ ਨਵਜੋਤ ਅਤੇ ਰੰਧਾਵਾ ਵਿਚਕਾਰ ਹੋਈ ਤਕਰਾਰ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਨਹੀਂ ਬਲਕਿ ਹਾਈ ਕਮਾਨ ਦੀ ਬੇਇੱਜ਼ਤੀ ਕੀਤੀ ਹੈ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਅਤੇ ਕੇਂਦਰ ਦੇ ਵਿਰੋਧ 'ਚ ਕਿਸਾਨਾਂ 'ਚ ਗੁੱਸਾ ਅਤੇ ਰੋਸ ਦੀ ਭਾਵਨਾ ਹੈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਨ੍ਹਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।