ਲੁਧਿਆਣਾ: ਮੁੱਲਾਂਪੁਰ ਦਾਖਾ ਵਿੱਚ ਸੋਮਵਾਰ ਬੱਸ ਸਟੈਂਡ ਦੇ ਨੀਂਹ ਪੱਥਰ ਸਮਾਗਮ ਵਿੱਚ ਕੋਰੋਨਾ ਵਾਇਰਸ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਗਈਆਂ। ਇਹ ਆਮ ਲੋਕਾਂ ਵੱਲੋਂ ਨਹੀਂ ਸਗੋਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮੋਹਿੰਦਰਾ ਅਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ।
ਇਸ ਦੌਰਾਨ ਲੁਧਿਆਣਾ ਮੁੱਲਾਂਪੁਰ ਦਾਖਾ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਕੈਪਟਨ ਸੰਦੀਪ ਸੰਧੂ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਵੱਡਾ ਇਕੱਠ ਕੀਤਾ ਗਿਆ ਪਰ ਇਸ ਦੌਰਾਨ ਉਹ ਇਹ ਭੁੱਲ ਗਏ ਕਿ ਪੰਜਾਬ ਦੇ ਵਿੱਚ ਕੋਰੋਨਾ ਦੀ ਲਹਿਰ ਚੱਲ ਰਹੀ ਹੈ ਅਤੇ ਰੋਜ਼ਾਨਾ ਦਰਜਨਾਂ ਮੌਤਾਂ ਹੋ ਰਹੀਆਂ ਹਨ।
ਇਸ ਦੌਰਾਨ ਸਾਡੀ ਟੀਮ ਵੱਲੋਂ ਜਦੋਂ ਸਮਾਗਮ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਤਾਂ ਕੁਰਸੀਆਂ ਉੱਤੇ ਸੈਂਕੜੇ ਕਾਂਗਰਸੀ ਵਰਕਰ ਬੈਠੇ ਵਿਖਾਈ ਦਿੱਤੇ, ਜਿਨ੍ਹਾਂ ਵਿੱਚ ਨਾ ਤਾ ਆਪਸ ਦੇ ਵਿੱਚ ਕੋਈ ਦਾਇਰਾ ਅਤੇ ਨਾ ਹੀ ਵਰਕਰਾਂ ਵੱਲੋਂ ਮੂੰਹ 'ਤੇ ਮਾਸਕ ਲਗਾਏ ਗਏ ਸਨ। ਇਸ ਦੌਰਾਨ ਸਟੇਜ 'ਤੇ ਵੀ ਕੁਰਸੀਆਂ ਜੋੜ-ਜੋੜ ਕੇ ਲਗਾਈਆਂ ਗਈਆਂ ਅਤੇ ਜੰਮ ਕੇ ਕੋਰੋਨਾ ਵਾਇਰਸ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ।
ਹਾਲਾਂਕਿ ਬੀਤੇ ਦਿਨ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਸੀ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਸਿਆਸੀ ਇਕੱਠ ਨਹੀਂ ਹੋਵੇਗਾ ਅਤੇ ਅਜਿਹਾ ਕਰਨ ਵਾਲੇ ਤੇ ਪਰਚਾ ਦਰਜ ਕੀਤਾ ਜਾਵੇਗਾ ਪਰ ਸਰਕਾਰ ਦੇ ਨੁਮਾਇੰਦੇ ਮੰਤਰੀ ਖੁਦ ਹੀ ਇਨ੍ਹਾਂ ਨਿਯਮਾਂ ਨੂੰ ਟਿੱਚ ਜਾਣਦੇ ਵਿਖਾਈ ਦਿੱਤੇ।