ਖੰਨਾ : ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਬੰਟੀ ਬੀਤੇ ਦਿਨੀਂ ਹੋਈ ਗ੍ਰਿਫ਼ਤਾਰੀ ਮਗਰੋਂ ਅਹਿਮ ਖੁਲਾਸੇ ਹੋਏ ਹਨ। ਬੰਟੀ ਜੋਕਿ ਮੂਲ ਰੂਪ ਵਿੱਚ ਅਮਲੋਹ ਦਾ ਰਹਿਣ ਵਾਲਾ ਹੈ। ਬੱਸ ਸਟੈਂਡ ਖੰਨਾ ਵਿਖੇ ਕਾਫੀ ਸਮੇਂ ਤੋਂ ਪਾਣੀ ਪਿਲਾਉਣ ਦਾ ਕੰਮ ਕਰਦਾ ਸੀ। ਜਾਨਵਰਾਂ ਦੀ ਸੇਵਾ ਕਰਦਾ ਸੀ। ਕਾਫੀ ਸਮੇਂ ਤੋਂ ਸਲਿਪਰ ਸੈੱਲ ਬਣਕੇ ਕੰਮ ਕਰ ਰਿਹਾ ਸੀ। ਭੋਲਾ ਭਾਲਾ ਵਿਅਕਤੀ ਬਣਕੇ ਲੋਕਾਂ ਵਿੱਚ ਵਿਚਰਦਾ ਸੀ।
ਅੱਤਵਾਦੀ ਸੰਗਠਨ ਦੀ ਸਲਿੱਪਰ ਸੈੱਲ ਸੀ ਅਮਰਿੰਦਰ ਸਿੰਘ : ਅਮਰਿੰਦਰ ਸਿੰਘ ਬੰਟੀ ਜਿਸਦੇ ਤਾਰ ਹੁਣ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹਨ। ਬੰਟੀ ਓਹ ਸ਼ਖਸ ਹੈ, ਜਿਹੜਾ ਅੱਤਵਾਦੀ ਸੰਗਠਨ ਦਾ ਸਲਿੱਪਰ ਸੈੱਲ ਸੀ। ਟਾਰਗੇਟ ਕਿਲਿੰਗ ਨਾਲ ਵੀ ਇਸਦੇ ਸੰਬੰਧ ਦੱਸੇ ਜਾ ਰਹੇ ਹਨ। ਬੰਟੀ ਦੀ ਗ੍ਰਿਫਤਾਰੀ ਮਗਰੋਂ ਖੰਨਾ ਦੇ ਬੱਸ ਸਟੈਂਡ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਇੱਥੇ ਕੰਮ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੰਟੀ ਇੱਥੇ ਕਈ ਸਾਲਾਂ ਤੋਂ ਆਉਂਦਾ ਸੀ। ਕਿਸੇ ਕੋਲ ਕੰਮ ਨਹੀਂ ਕਰਦਾ ਸੀ। ਬਲਕਿ ਆਪਣੇ ਪੱਧਰ ਉਪਰ ਹੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਪਾਣੀ ਪਿਲਾਉਂਦਾ ਸੀ। ਕਦੇ ਜਾਨਵਰਾਂ ਦੀ ਸੇਵ ਕਰਨ ਲੱਗ ਜਾਂਦਾ ਸੀ। ਕਿਸੇ ਨੂੰ ਕਦੇ ਸ਼ੱਕ ਨਹੀਂ ਹੋਣ ਦਿੰਦਾ ਸੀ। ਇੰਨੀ ਗੱਲ ਜ਼ਰੂਰ ਹੈ ਕਿ ਬੰਟੀ ਇੰਗਲਿਸ਼ ਅਖ਼ਬਾਰ ਪੜ੍ਹਦਾ ਸੀ। ਬ੍ਰਾਂਡਿਡ ਕੱਪੜੇ ਪਾਉਂਦਾ ਸੀ। ਉਸਦੇ ਅੱਤਵਾਦੀਆਂ ਨਾਲ ਸੰਬੰਧ ਹੋ ਸਕਦੇ ਹਨ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਪੁਲਿਸ ਨੂੰ ਕਦੇ ਵੀ ਬੰਟੀ ਉਤੇ ਨਹੀਂ ਹੋਇਆ ਸ਼ੱਕ : ਕਈ ਵਾਰ ਖੰਨਾ ਪੁਲਿਸ ਦਾ ਸਰਚ ਆਪ੍ਰੇਸ਼ਨ ਬੱਸ ਸਟੈਂਡ ਖੰਨਾ ਤੋਂ ਸ਼ੁਰੂ ਹੋਇਆ। ਵੱਡੇ ਅਫਸਰ ਇੱਥੇ ਤਲਾਸ਼ੀ ਲੈਂਦੇ ਸਨ ਅਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੂੰ ਕਦੇ ਵੀ ਅਮਰਿੰਦਰ ਬੰਟੀ 'ਤੇ ਸ਼ੱਕ ਨਹੀਂ ਹੋਇਆ। ਇਸਨੂੰ ਪੁਲਿਸ ਦੀ ਨਾਕਾਮੀ ਮੰਨਿਆ ਜਾ ਰਿਹਾ ਹੈ। ਖੰਨਾ ਤੋਂ ਅਮਰਿੰਦਰ ਸਿੰਘ ਬੰਟੀ ਦੀ ਗ੍ਰਿਫਤਾਰੀ ਮਗਰੋਂ ਖੁਫ਼ੀਆ ਏਜੰਸੀਆਂ ਨੂੰ ਭਾਜੜਾਂ ਪਈਆਂ ਹਨ। ਕਿਉਂਕਿ ਲੰਬੇ ਸਮੇਂ ਤੋਂ ਇੱਕ ਜਾਸੂਸ ਦਾ ਇਲਾਕੇ ਚ ਸਰਗਰਮ ਰਹਿਣ ਅਤੇ ਇਸਦਾ ਪਤਾ ਨਾ ਲੱਗਣਾ ਵੀ ਵੱਡੀ ਨਾਕਾਮੀ ਹੈ।