ਲੁਧਿਆਣਾ: ਬੁੱਢੇ ਨਾਲੇ ਦੀ ਨੁਹਾਰ ਬਦਲਣ ਵਾਲਾ 650 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰੋਜੈਕਟ ਹੁਣ ਅਗਲੇ ਸਾਲ ਮੁਕੰਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਜੂਨ 2022 ਵਿੱਚ ਇਹ ਪ੍ਰੋਜੈਕਟ ਪੂਰਾ ਹੋਣਾ ਸੀ, ਪਰ ਸਰਕਾਰ ਬਦਲਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਜੂਨ 2023 'ਚ ਮੁਕੰਮਲ ਕਰਨ ਦੀ ਗੱਲ ਕਹੀ ਗਈ ਅਤੇ ਹਾਲੇ ਤੱਕ ਇਸ ਪ੍ਰਾਜੈਕਟ ਦਾ ਕੰਮ ਪੂਰਾ ਨਹੀਂ ਹੋ ਸਕਿਆ ਹੈ ਇਸ ਕਰਕੇ ਹੁਣ ਅਗਲੇ ਸਾਲ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਦੀ ਡੈੱਡਲਾਈਨ ਰੱਖੀ ਗਈ ਹੈ। ਮਾਹਿਰਾਂ ਦੀ ਮੰਨੀਏ ਤਾਂ ਹਾਲੇ ਤੱਕ ਜ਼ਮੀਨੀ ਪੱਧਰ 'ਤੇ ਕੰਮ ਅਧੂਰਾ ਹੈ। ਵਿਧਾਨਸਭਾ ਦੀ ਕਮੇਟੀ ਨੇ ਦਾਅਵਾ ਕੀਤਾ ਹੈ ਕਿ 87 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਜ਼ਮੀਨੀ ਪੱਧਰ 'ਤੇ ਅਸਲੀਅਤ ਕੁਝ ਹੋਰ ਬਿਆਨ ਕਰਦੀ ਹੈ।
ਮਾਹਿਰਾਂ ਦੇ ਸਵਾਲ: ਇਕ ਪਾਸੇ ਜਿੱਥੇ ਵਿਧਾਨ ਸਭਾ ਦੀ ਕਮੇਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 87 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਉਥੇ ਹੀ ਦੂਜੇ ਪਾਸੇ, ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਕਰਨਲ ਲਖਨਪਾਲ ਮੁਤਾਬਿਕ ਭਾਵੇਂ ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਲਾਉਣ ਭਾਵੇਂ 1000 ਕਰੋੜ ਇਸ ਦੀ ਸਫ਼ਾਈ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਇਸ ਵਿੱਚ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ, ਡਾਇਰੀਆ ਦਾ ਵੇਸਟ, ਕਾਰਪੋਰੇਸ਼ਨ ਦੇ ਸੀਵਰੇਜ ਦੇ ਪਾਣੀ ਨੂੰ ਪਾਉਣ ਤੋਂ ਨਹੀਂ ਰੋਕਿਆ ਜਾਂਦਾ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ 14 ਕਿਲੋਮੀਟਰ ਦੇ ਇਲਾਕੇ ਦੇ ਪਾਣੀ ਨੂੰ ਸਾਫ਼-ਸੁਥਰਾ ਕਰਨ ਲਈ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਪਰ ਪੇਂਡੂ ਹਲਕਿਆਂ ਵਿੱਚ ਜਿਹੜੀਆਂ ਫੈਕਟਰੀਆਂ ਬਣੀਆਂ ਹਨ, ਸਤਲੁਜ ਦੇ ਕੰਢੇ ਦਾ ਲਗਭਗ 200 ਕਿਲੋਮੀਟਰ ਦਾ ਇਲਾਕਾ ਹੈ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਜੰਗਲ ਤਬਾਹ ਹੋ ਚੁੱਕੇ ਹਨ। ਫੈਕਟਰੀਆਂ ਬਾਹਰਲੇ ਇਲਾਕਿਆਂ ਦੇ ਵਿੱਚ ਲੱਗ ਰਹੀਆਂ ਹਨ ਉਹਨਾਂ ਤੇ ਠੱਲ ਕਿਵੇਂ ਪਾਈ ਜਾਵੇਗੀ।
ਵਿਜੀਲੈਂਸ ਨੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਦਿੱਲੀ ਏਅਰਪੋਰਟ 'ਤੇ ਰੋਕਿਆ
ਸੀ. ਐਮ 19 ਜੂਨ ਨੂੰ ਆਉਣਗੇ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਤਲੁਜ ਦੇ ਗੰਧਲੇ ਹੋ ਰਹੇ ਪਾਣੀ ਤੋਂ ਭਲੀ-ਭਾਂਤੀ ਵਾਕਿਫ਼ ਹਨ। ਮੁੱਖ ਮੰਤਰੀ ਇਸ ਪ੍ਰਜੈਕਟ ਨੂੰ ਲੈ ਕੇ ਕਾਫੀ ਗੰਭੀਰ ਹਨ। ਇਸ ਕਰਕੇ ਉਹਨਾਂ ਵੱਲੋਂ ਬੀਤੇ ਦਿਨੀਂ ਜਮਾਲਪੁਰ ਦੇ ਵਿੱਚ 225 ਮਲਦ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ ਪਰ ਉਸ ਨੂੰ ਹਾਲੇ ਤੱਕ ਪੰਪ ਨਾਲ ਨਹੀਂ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਇਸ ਪ੍ਰੋਜੈਕਟ ਦੀ ਨਿਗਰਾਨੀ ਲਈ ਮੁੜ ਤੋਂ ਮੁੱਖ-ਮੰਤਰੀ ਭਗਵੰਤ ਮਾਨ 19 ਜੂਨ ਨੂੰ ਲੁਧਿਆਣਾ ਆ ਰਹੇ ਹਨ ਕਿਉਂਕਿ ਬੁੱਢੇ ਨਾਲੇ ਦੀ ਸਫਾਈ ਦਾ ਪ੍ਰਾਜੈਕਟ ਭਾਵੇਂ ਕਾਂਗਰਸ ਸਰਕਾਰ ਵੇਲੇ ਪਾਸ ਹੋਇਆ ਸੀ ਪਰ ਇਸ ਨੂੰ ਪੂਰਾ ਕਰਨ ਲਈ ਸਰਕਾਰ ਜ਼ੋਰ ਲਗਾ ਰਹੀ ਹੈ।
ਵਿਧਾਨ ਸਭਾ ਕਮੇਟੀ ਦਾ ਤਰਕ: ਬੁੱਢੇ ਨਾਲੇ ਦੀ ਸਫਾਈ ਲਈ ਇੱਕ ਵਿਧਾਨ ਸਭਾ ਕਮੇਟੀ ਦਾ ਗਠਨ ਕੀਤਾ ਗਿਆ ਹੈ ।ਜਿਸ ਵਿਚ ਲੁਧਿਆਣਾ ਦੇ ਐਮ ਐਲ ਏ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸ਼ਾਮਿਲ ਹਨ। ਕੁਝ ਹੋਰ ਵਾਤਾਵਰਣ ਪ੍ਰੇਮੀਆਂ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ। ਬੀਤੇ ਦਿਨ ਹੋਈ ਬੈਠਕ ਦੇ ਵਿੱਚ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਿਵੇਂ ਕਾਲੀ ਬੇਈ ਨੂੰ ਸਾਫ ਕੀਤਾ ਗਿਆ, ਉਸ ਤਰ੍ਹਾਂ ਹੀ ਬੁੱਢੇ ਨਾਲੇ ਦੀ ਸਫਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਰ ਇਸ ਵਿਚ ਆਮ ਲੋਕਾਂ ਦੇ ਨਾਲ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣਾ ਪਵੇਗਾ। ਫੈਕਟਰੀ ਮਾਲਕਾਂ ਨੂੰ ਸਾਥ ਦੇਣਾ ਹੋਵੇਗਾ ਤਾਂ ਹੀ ਇਹ ਪ੍ਰੋਜੈਕਟ ਸਿਰੇ ਚੜ੍ਹ ਸਕਦਾ ਹੈ।