ਰਾਏਕੋਟ: ਇੱਥੇ ਦੇ ਪਿੰਡ ਅਕਾਲਗੜ੍ਹ ਦੇ ਖੇਤਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਭੇਦਭਰੇ ਹਾਲਾਤ ਵਿੱਚ ਦਰੱਖਤ ਨਾਲ ਲਟਕਦੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਲਾਸ਼ 22 ਸਾਲਾ ਅੰਮ੍ਰਿਤਪਾਲ ਸਿੰਘ ਦੇ ਨਾਂਅ ਦੇ ਨੌਜਵਾਨ ਦੀ ਹੈ ਜੋ ਕਿ ਪਿੰਡ ਟੂਸੇ ਦਾ ਵਸਨੀਕ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਗੁਰੂਸਰ ਸੁਧਾਰ ਵਿਖੇ ਚੋਪੜਾ ਨਰਸਿੰਗ ਹੋਮ ਵਿੱਚ ਨੌਕਰੀ ਕਰਦਾ ਸੀ ਬੀਤੀ ਸ਼ਾਮ 7.16 ਵਜੇ ਉਸ ਨੂੰ ਨਰਸਿੰਗ ਹੋਮ ਵਿੱਚ ਕਿਸੇ ਦਾ ਫੋਨ ਆਉਂਦਾ ਜਿਸ ਨੂੰ ਸੁਣ ਲਈ ਉਹ ਉਥੋਂ ਦੀ ਬਾਹਰ ਨਿਕਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਗੱਲ ਕਰਦਾ ਹੋਇਆ ਨਰਸਿੰਗ ਹੋਮ ਵਿੱਚੋ ਬਾਹਰ ਨਿਕਲਦਾ ਤਾਂ ਉਹ ਕੁਝ ਦੂਰ ਜਾ ਕੇ ਲਾਪਤਾ ਹੋ ਜਾਂਦਾ ਹੈ। ਜੋ ਕਿ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਲਾਪਤਾ ਹੋ ਜਾਣ ਤੋਂ ਬਾਅਦ ਉਹ ਉਸ ਦੀ ਭਾਲ ਕਰਦੇ ਪਰ ਉਸ ਦੀ ਕੋਈ ਖ਼ਬਰ ਨਹੀਂ ਮਿਲਦੀ।
ਉਸ ਮਗਰੋਂ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਕਿ ਪਿੰਡ ਅਕਾਲਗੜ੍ਹ ਦੇ ਖੇਤਾਂ ਵਿਚ ਬਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੀ ਮੋਟਰ ਕੋਲ ਇੱਕ ਦਰੱਖਤ ਨਾਲ ਲਾਸ਼ ਲਟਕਦੀ ਪਈ ਹੈ। ਜੋ ਕਿ ਅੰਮ੍ਰਿਤਪਾਲ ਹੈ। ਉਨ੍ਹਾਂ ਕਿਹਾ ਕਿ ਲਾਸ਼ ਦੀ ਹਾਲਤ ਨੂੰ ਦੇਖ ਕੇ ਲੱਗਦਾ ਕਿ ਪਹਿਲਾਂ ਉਸ ਨੂੰ ਮਾਰਿਆ ਗਿਆ ਹੈ ਬਾਅਦ ਵਿੱਚ ਉਸ ਦੀ ਲਾਸ਼ ਨੂੰ ਦਰਖ਼ਤ ਨਾਲ ਲਟਕਾਇਆ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਇੱਥੇ ਆਪਣੀ ਮਾਂ ਨਾਲ ਰਹਿੰਦਾ ਸੀ। ਉਸ ਦੇ ਪਿਤਾ ਬੀਐਸਐਫ ਵਿੱਚ ਹਨ। ਅਤੇ ਉਸ ਦੀ ਇੱਕ ਭੈਣ ਤੇ ਭਰਾ ਹੈ। ਭੈਣ ਵਿਆਹੀ ਹੋਈ ਹੈ ਤੇ ਭਰਾ ਫੌਜ ਵਿੱਚ ਹੈ।
ਐਸਆਈ ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਧਾਰਾ 174 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।