ਲੁਧਿਆਣਾ: ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੀ ਇੱਕ ਬੈਠਕ ਸੱਦੀ ਗਈ ਜਿਸ ਵਿੱਚ ਕਿਸਾਨ ਕਮੇਟੀਆਂ ਸ਼ਾਮਲ ਹੋਈਆਂ ਪਰ ਉਹ ਬਿਨਾਂ ਕਿਸੇ ਗੱਲ ਤੋਂ ਵਾਪਿਸ ਆ ਗਈਆਂ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ ਸਾਫ਼ ਕਿਹਾ ਕਿ ਜਦੋਂ ਤੱਕ ਕਿਸੇ ਮੰਤਰੀ ਜਾਂ ਬਿੱਲ ਰੱਦ ਕਰਨ ਦੀ ਤਾਕਤ ਰੱਖਣ ਵਾਲੇ ਲੀਡਰ ਨਾਲ ਕਿਸਾਨਾਂ ਦੀ ਬੈਠਕ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਗੱਲਬਾਤ ਦਾ ਕੋਈ ਫ਼ਾਇਦਾ ਨਹੀਂ।
ਉਨ੍ਹਾਂ ਕਿਹਾ ਕਿ ਕੱਲ੍ਹ ਦੀ ਬੈਠਕ ਖੇਤੀਬਾੜੀ ਸਕੱਤਰ ਨਾਲ ਰੱਖੀ ਗਈ ਸੀ ਜੋ ਸਿਰਫ਼ ਸਾਨੂੰ ਬਿੱਲ ਦੇ ਫਾਇਦੇ ਸਮਝਾ ਰਿਹਾ ਸੀ ਜਦੋਂ ਕਿ ਕਿਸਾਨ ਇਨ੍ਹਾਂ ਬਿੱਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਉਨ੍ਹਾਂ ਕਿਹਾ ਕਿ ਅੱਜ ਇਕ ਅਹਿਮ ਬੈਠਕ 29 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ 'ਚ ਰੱਖੀ ਗਈ ਹੈ ਜਿਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਪਹਿਲੇ ਦਿਨ ਤੋਂ ਸ਼ਾਂਤਮਈ ਢੰਗ ਨਾਲ ਆਪਣੇ ਪ੍ਰਦਰਸ਼ਨ ਕਰ ਰਹੀਆਂ ਹਨ ਪਰ ਸਿਆਸੀ ਪਾਰਟੀਆਂ ਇਸ ਨੂੰ ਕੁਝ ਹੋਰ ਹੀ ਰੰਗ ਦੇਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ 'ਤੇ ਹਮਲਾ ਕਿਸਾਨਾਂ ਵੱਲੋਂ ਨਹੀਂ ਸਗੋਂ ਕੋਈ ਸਿਆਸੀ ਪਾਰਟੀਆਂ ਦੀ ਸ਼ਮੂਲੀਅਤ ਨਾਲ ਹੋਇਆ ਹੈ।
ਉਨ੍ਹਾਂ ਕਿਹਾ ਕਿ ਬੇਅਦਬੀਆਂ ਕਰਵਾ ਕੇ ਕਿਸਾਨਾਂ ਦੇ ਸੰਘਰਸ਼ ਤੋਂ ਧਿਆਨ ਭਟਕਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਦਿੱਲੀ ਬੈਠਕ ਦੇ ਕੋਈ ਵੀ ਪੰਜਾਬ ਭਾਜਪਾ ਆਗੂ ਕਿਸਾਨਾਂ ਨਾਲ ਨਹੀਂ ਬੈਠੇ ਤੇ ਅੱਜ ਬੈਠਕ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਪਰ ਕਿਸਾਨਾਂ ਦਾ ਸੰਘਰਸ਼ ਰਹੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਲੀਡਰਾਂ ਦਾ ਕਿਸਾਨ ਜਥੇਬੰਦੀਆਂ ਘਿਰਾਓ ਕਰਨਗੀਆਂ ਤੇ ਪੰਜਾਬ ਸਰਕਾਰ ਨੂੰ ਅਸੀਂ ਸਾਫ਼ ਕਰ ਚੁੱਕੇ ਹਾਂ ਕਿ ਪੰਜਾਬ ਵਿੱਚ ਇਹ ਆਰਡੀਨੈਂਸ ਲਾਗੂ ਹੀ ਨਹੀਂ ਹੋ ਸਕਦੇ ਪਰ ਸਰਕਾਰ ਵੀ ਉਨ੍ਹਾਂ ਨੂੰ ਸਮਝਾਉਣ ਵਿਚ ਨਾਕਾਮ ਹੈ।