ਲੁਧਿਆਣਾ: ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਲੈਕੇ ਲਗਾਤਾਰ ਪੂਰੀ ਤਰ੍ਹਾਂ ਪੱਬਾਂ ਭਾਰ ਅਤੇ ਐਕਸ਼ਨ ਵਿੱਚ ਵਿਖਾਈ ਦੇ ਰਹੀ ਹੈ। ਬੀਤੇ ਦਿਨੀ ਸਰਕਾਰ ਨੇ ਜਿੱਥੇ ਐਕਸ਼ਨ ਕਰਦਿਆਂ ਕਈ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਉੱਤੇ ਕਾਰਵਾਈ ਕੀਤੀ ਹੁਣ ਵੀ ਪੰਜਾਬ ਵਿਜੀਲੈਂਸ ਨੇ ਲੁਧਿਆਣਾ ਵਿੱਚ ਐਕਸ਼ਨ ਕਰਦਿਆਂ ਇੱਕ ਬੀਡੀਪੀਓ ਨੂੰ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਬੀਡੀਪੀਓ ਨੂੰ ਸਰਪੰਚ ਲਖਵੀਰ ਸਿੰਘ ਵਾਸੀ ਪਿੰਡ ਬੋਪਾਰਾਏ ਕਲਾਂ, ਲੁਧਿਆਣਾ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਾਂਟ ਜਾਰੀ ਕਰਨ ਦੇ ਬਦਲੇ ਮੰਗੀ ਰਿਸ਼ਵਤ: ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਇਲਜ਼ਾਮ ਲਾਇਆ ਹੈ ਕਿ ਉਕਤ ਅਧਿਕਾਰੀ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਵਿੱਚ ਵਿਕਾਸ ਕਾਰਜਾਂ ਨੂੰ ਚਲਾਉਣ ਲਈ ਵਰਤੋਂ ਸਰਟੀਫਿਕੇਟ ਜਾਰੀ ਕਰਨ ਅਤੇ ਗ੍ਰਾਂਟਾਂ ਦੀ ਅਦਾਇਗੀ ਲਈ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।। ਸ਼ਿਕਾਇਤਕਰਤਾ ਨੇ ਅੱਗੇ ਇਲਜ਼ਾਮ ਲਾਇਆ ਕਿ ਉਹ ਉਕਤ ਅਧਿਕਾਰੀ ਨੂੰ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਪਰ ਉਸ ਦੇ ਵਾਰ-ਵਾਰ ਕਹਿਣ 'ਤੇ ਬੀਡੀਪੀਓ ਨਾਲ 25,000 ਰੁਪਏ ਵਿੱਚ ਸੌਦਾ ਤੈਅ ਹੋਇਆ।
ਸਰਕਾਰੀ ਗਵਾਹਾਂ ਦੀ ਹਾਜ਼ਰੀ: ਅਧਿਕਾਰੀਆਂ ਨੇ ਅੱਗ ਕਿਹਾ ਕਿ ਸ਼ਿਕਾਇਤ ਦੀ ਪੁਸ਼ਟੀ ਕਰਨ ਤੋਂ ਬਾਅਦ, ਲੁਧਿਆਣਾ ਰੇਂਜ ਦੀ ਇੱਕ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਬੀਡੀਪੀਓ ਨੂੰ ਉਸ ਦੇ ਦਫਤਰ ਤੋਂ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਤੋਂ ਰਿਸ਼ਵਤ ਵਜੋਂ 25,000 ਰੁਪਏ ਅਤੇ ਬਾਕੀ ਪੈਸੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਬਰਾਮਦ ਕੀਤੇ ਗਏ। ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਅਧਿਕਾਰੀ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Snatching in Sangrur: ਸੀਐੱਮ ਦੇ ਸ਼ਹਿਰ ਵਿਚ ਲੁਟੇਰੇ ਬੇਖੌਫ, ਦਿਨ-ਦਿਹਾੜੇ ਲੁੱਟਿਆ ਦੁਕਾਨਦਾਰ
ਦੱਸ ਦਈਏ ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਥਾਣਾ ਮੌੜ ਜਿਲ੍ਹਾ ਬਠਿੰਡਾ ਵਿਖੇ ਤਾਇਨਾਤ ਸਬ-ਇੰਸਪੈਕਟਰ ਬਲਜੀਤਪਾਲ ਸਿੰਘ ਨੂੰ 50,000 ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਸੀ। ਉਕਤ ਮੁਲਾਜ਼ਮ ਨੂੰ ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਵਾਸੀ ਪ੍ਰਤਾਪ ਨਗਰ, ਬਠਿੰਡਾ ਸ਼ਹਿਰ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਇਲਜ਼ਾਮ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਨੇ ਉਸ ਨੂੰ ਇੱਕ ਪੁਲਿਸ ਸ਼ਿਕਾਇਤ ਦੀ ਜਾਂਚ ਦੇ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਧਮਕੀ ਦੇ ਕੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ