ਲੁਧਿਆਣਾ: ਸ਼ਹਿਰ ਦੇ ਥਾਣਾ ਡਵੀਜ਼ਨ ਨੰਬਰ 7 ਦੇ ਅਧੀਨ ਚੰਚਲ ਨਾਂਅ ਦੀ ਔਰਤ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਦਾ ਇਲਜ਼ਾਮ ਕਿਸੇ ਹੋਰ ਤੇ ਨਹੀਂ ਸਗੋਂ ਥਾਣਾ ਜਮਾਲਪੁਰ ਵਿੱਚ ਤਾਇਨਾਤ ਏਐਸਆਈ ਸੁਖਪਾਲ ਸਿੰਘ 'ਤੇ ਲੱਗੇ ਹਨ। ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਹੈ ਕਿ ਉਸ ਨੇ ਜਾਣ ਬੁੱਝ ਕੇ ਗੋਲੀ ਮਾਰੀ ਹੈ, ਤੇ ਨਾਲ ਹੀ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਵਿੱਚ ਢਿੱਲ ਮੱਠ ਕਰ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਮਹਿਲਾ ਦੇ ਪਤੀ ਦੀ ਏਐਸਆਈ ਦੇ ਨਾਲ ਪੁਰਾਣੀ ਦੋਸਤੀ ਸੀ, ਤੇ ਉਸਦਾ ਅਕਸਰ ਘਰ ਆਉਣਾ-ਜਾਣਾ ਸੀ। ਜ਼ਖ਼ਮੀ ਔਰਤ ਦੀ ਧੀ ਨੇ ਦੱਸਿਆ ਕਿ ਦੇਰ ਸ਼ਾਮ ਏਐਸਆਈ ਤੇ ਉਨ੍ਹਾਂ ਦੀ ਮਾਤਾ ਗੱਲਬਾਤ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।
ਇਹ ਵੀ ਪੜ੍ਹੋ: ਨਿਰਭਯਾ ਕੇਸ: ਦਿੱਲੀ ਹਾਈ ਕੋਰਟ ਨੇ ਮੌਤ ਦੇ ਵਾਰੰਟ ‘ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ
ਇਸ ਤੋਂ ਬਾਅਦ ਏਐੱਸਆਈ ਨੇ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਉਨ੍ਹਾਂ ਦੀ ਮਾਤਾ 'ਤੇ ਫਾਇਰ ਕਰ ਦਿੱਤਾ। ਪਹਿਲਾ ਫਾਇਰ ਖ਼ਾਲੀ ਗਿਆ, ਜਦੋਂਕਿ ਦੂਜੇ ਫਾਇਰ 'ਚ ਸਿੱਧਾ ਉਨ੍ਹਾਂ ਦੀ ਮਾਤਾ ਦੇ ਢਿੱਡ 'ਚ ਗੋਲੀ ਲੱਗੀ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਉੱਥੇ ਹੀ ਜ਼ਖ਼ਮੀ ਮਹਿਲਾ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਕਾਫ਼ੀ ਦੇਰ ਬਾਅਦ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਏਐੱਸਆਈ ਖ਼ੁਦ ਹੀ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਘੁਮਾਉਂਦਾ ਰਿਹਾ। ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ 'ਤੇ ਦਬਾਅ ਪਾਉਣ ਦੀ ਵੀ ਗੱਲ ਦੱਸੀ ਹੈ।
ਉਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਥਾਣਾ ਡਵੀਜ਼ਨ ਨੰਬਰ 4 ਦੇ ਏਡੀਸੀਪੀ ਅਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਤੇ ਏਐੱਸਆਈ ਫ਼ਰਾਰ ਹੈ। ਜਦੋਂ ਕਿ ਪੁਲਿਸ ਵੱਲੋਂ 307 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੋਲੀ ਸਰਵਿਸ ਰਿਵਾਲਵਰ ਤੋਂ ਚੱਲੀ ਜਾਂ ਫਿਰ ਪੂਰਾ ਮਾਮਲਾ ਕੀ ਹੈ, ਇਹ ਤਾਂ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗਾ।