ਲੁਧਿਆਣਾ: ਪੰਜਾਬ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਦਸੰਬਰ ਤੱਕ ਪੰਚਾਇਤੀ ਚੋਣਾਂ ਹੋਣਗੀਆਂ। ਇਸ ਤੋਂ ਪਹਿਲਾਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਇਸ ਵਾਰ ਉਹ ਸਰਬ ਸੰਮਤੀ ਦੇ ਨਾਲ ਹੀ ਸਰਪੰਚ ਚੁਣਨ, ਕਿਉਂਕਿ ਚੋਣਾਂ ਵਿੱਚ ਖ਼ਰਚਾ ਵੀ ਹੁੰਦਾ ਹੈ ਅਤੇ ਧੜੇਬਾਜ਼ੀ ਵੀ ਸਾਹਮਣੇ ਆਉਂਦੀ ਹੈ। ਭਗਵੰਤ ਮਾਨ ਨੇ ਸਾਫ਼ ਕਹਿ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਦਾ ਇਸ ਵਾਰ ਕੋਈ ਬੋਲਬਾਲਾ ਨਹੀਂ ਹੋਵੇਗਾ। ਇਸ ਕਰਕੇ ਪਿੰਡਾਂ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ਸਰਬ ਸੰਮਤੀ ਦੀਆਂ ਗੱਲਾਂ ਚੱਲਣ ਲੱਗੀਆਂ ਹਨ, ਪਰ ਇਹ ਫਾਰਮੂਲਾ ਕਿੰਨਾ ਕੁ ਕਾਮਯਾਬ ਹੋਵੇਗਾ, ਇਸ ਸੰਬੰਧੀ ਅੰਕੜੇ ਜਾਣ ਲੈਣੇ ਜ਼ਰੂਰੀ ਹਨ। ਇੱਹ ਵੀ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਸ ਸਬੰਧੀ 100 ਤੋਂ ਵੱਧ ਪਟੀਸ਼ਨਾਂ ਦਾਖਲ ਹੋਈਆਂ ਹਨ।
ਪਹਿਲੀਆਂ ਸਰਕਾਰਾਂ ਦੇ ਦਾਅਵੇ: ਪਿੰਡਾਂ ਵਿੱਚ ਸਰਬ ਸੰਮਤੀ ਦੇ ਨਾਲ ਸਰਪੰਚ ਅਤੇ ਪੰਚ ਬਣਾਉਣ ਭਗਵੰਤ ਮਾਨ ਵੱਲੋਂ ਕੋਈ ਪਹਿਲੀ ਅਪੀਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਮੇਂ ਦੀਆਂ ਸਰਕਾਰਾਂ ਪੰਚਾਇਤਾਂ ਨੂੰ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣਨ ਅਪੀਲ ਕਰਦੀ ਰਹੀ ਹੈ। ਸਾਲ 2013 ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਵੇਲ੍ਹੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਰਬ ਸੰਮਤੀ ਨਾਲ ਚੁਣੇ ਜਾਣ ਵਾਲੀਆਂ ਪੰਚਾਇਤਾਂ ਨੂੰ ਤਿੰਨ ਤਿੰਨ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਬਾਅਦ ਵਿੱਚ ਕੁਝ ਹੀ ਪੰਚਾਇਤਾਂ ਨੂੰ ਇਹ ਪੈਸੇ ਮਿਲੇ। 2018 ਵਿੱਚ ਜਦੋਂ ਕਾਂਗਰਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ, ਤਾਂ ਉਸ ਵੇਲ੍ਹੇ ਵੀ ਸਰਬ ਸੰਮਤੀ ਨਾਲ ਚੁਣੀ ਜਾਣ ਵਾਲੀਆਂ ਪੰਚਾਇਤਾਂ ਨੂੰ ਪਹਿਲਾਂ ਪੰਜ-ਪੰਜ ਲੱਖ, ਫਿਰ ਦੋ-ਦੋ ਲੱਖ ਦੇਣ ਦੀ ਗੱਲ ਕਹੀ ਗਈ, ਪਰ ਸਾਬਕਾ ਸਰਪੰਚਾਂ ਨੇ ਕਿਹਾ ਹੈ ਕਿ ਅਜਿਹੀ ਕੋਈ ਗ੍ਰਾਂਟ ਉਨ੍ਹਾਂ ਕੋਲ ਵਾਧੂ ਨਹੀਂ ਆਈ।
ਪਿੰਡਾਂ 'ਚ ਗੁੱਟਬਾਜ਼ੀ: ਦਰਅਸਲ ਪਿਛਲੇ ਅੰਕੜੇ ਦੱਸਦੇ ਹਨ ਕਿ ਪਿੰਡਾਂ ਦੇ ਵਿੱਚ ਵੱਖ ਵੱਖ ਪਾਰਟੀ ਦੀਆਂ ਧੜੇਬੰਦੀਆਂ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣਨ ਨਹੀ ਦਿੰਦੀਆਂ ਜਿਸ ਕਰਕੇ ਇਹ ਫਾਰਮੂਲਾ ਕੋਈ ਬਹੁਤਾ ਕਾਮਯਾਬ ਨਹੀਂ ਹੋਇਆ ਹੈ। ਪਿੰਡਾਂ ਦੇ ਲੋਕਾਂ ਦੇ ਨਾਲ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਵਾਰ ਤਿੰਨ ਤਿੰਨ ਪਾਰਟੀਆਂ ਦੇ ਵਿਚਕਾਰ ਪੰਚਾਇਤੀ ਚੋਣਾਂ ਦੇ ਦੌਰਾਨ ਮੁਕਾਬਲਾ ਵੇਖਣ ਦੀ ਉਮੀਦ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਨਾਲ ਚੱਲਣ ਵਾਲੀਆਂ ਧਿਰਾਂ ਚੋਣਾਂ ਕਰਵਾਉਣ ਦੇ ਹੱਕ ਵਿੱਚ ਹਨ, ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਸਰਬ ਸੰਮਤੀ ਚਾਹੁੰਦੀ ਹੈ।
ਪਿੰਡ ਫੁੱਲਾਂਵਾਲ ਵਾਸੀਆਂ ਨੇ ਸਰਬ ਸੰਮਤੀ ਤੋਂ ਕੀਤੀ ਤੌਬਾ: ਲੁਧਿਆਣਾ ਦੇ ਨਾਲ ਲੱਗਦੇ ਪਿੰਡ ਫੁੱਲਾਂਵਾਲ ਵਿੱਚ 3 ਪੰਚਾਇਤਾਂ ਹਨ, 2 ਪੰਚਾਇਤਾਂ ਦੀ ਚੋਣ ਵੋਟਾਂ ਰਾਹੀਂ, ਜਦਕਿ 1 ਸਰਪੰਚ ਦੀ ਚੋਣ ਸਰਬ ਸੰਮਤੀ ਦੇ ਨਾਲ ਹੋਈ ਸੀ। 18 ਸਾਲ ਦੀ ਉਮਰ ਦਾ ਸੰਨੀ ਪੰਜਾਬ ਵਿੱਚ ਸਭ ਤੋਂ ਘੱਟ ਉਮਰ ਦਾ ਸਰਬ ਸੰਮਤੀ ਨਾਲ ਚੁਣਿਆ ਜਾਣ ਵਾਲਾ ਸਰਪੰਚ ਬਣਿਆ ਸੀ, ਪਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਰਪੰਚ ਬਣਨ ਤੋਂ ਬਾਅਦ ਵਿਖਾਈ ਹੀ ਨਹੀਂ ਦਿੱਤਾ। ਹਾਲਾਂਕਿ, ਉਸ ਦਾ ਚਾਚਾ ਇੰਦਰਜੀਤ ਸਿੰਘ ਜੋ ਕਿ ਖੁਦ ਪਹਿਲਾਂ ਸਰਪੰਚ ਰਿਹਾ, ਉਹ ਜ਼ਰੂਰ ਲੋਕਾਂ ਵਿੱਚ ਵਿਚਰਦਾ ਰਿਹਾ ਹੈ। ਪਿੰਡ ਵਾਸੀਆਂ ਨੇ ਸਰਬ ਸੰਮਤੀ ਤੋਂ ਇਸ ਵਾਰ ਤੌਬਾ ਕਰ ਲਈ ਹੈ।
ਆਪ ਸਰਕਾਰ ਦੇ ਆਉਣ ਤੋਂ ਬਾਅਦ ਨਹੀਂ ਆਈ ਗ੍ਰਾਂਟ: ਫੁੱਲਾਂਵਾਲ ਦੀ ਦੂਜੀ ਪੰਚਾਇਤ ਵੋਟਾਂ ਨਾਲ ਬਣੀ ਸੀ, ਜਿੱਥੇ ਪੰਜਾਬ 'ਚ ਤੀਜੇ ਨੰਬਰ ਦੀ ਸਭ ਤੋਂ ਵੱਧ ਲੀਡ ਲੈਕੇ ਰਣਜੀਤ ਸਿੰਘ ਸਰਪੰਚ ਬਣੇ, ਪਰ 3 ਸਾਲ ਵਿੱਚ ਉਨ੍ਹਾਂ ਸਵਾ ਕਰੋੜ ਰੁਪਏ ਦੇ ਕਰੀਬ ਆਪਣੇ ਪਿੰਡ ਵਿੱਚ ਲਾਇਆ। ਪਰ, ਉਨ੍ਹਾਂ ਕਿਹਾ ਕਿ ਹੁਣ ਆਪ ਦੀ ਸਰਕਾਰ ਆਉਂਦਿਆਂ ਹੀ ਡੇਢ ਸਾਲ ਤੋਂ ਕੋਈ ਗ੍ਰਾਂਟ ਨਹੀਂ ਆਈ। ਇਥੋਂ ਤੱਕ ਕੇ ਗਰੀਬਾਂ ਨੂੰ ਛੱਤ ਦੇਣ ਲਈ 2 - 2 ਲੱਖ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਵਾਏ ਸਨ, ਉਹ ਵੀ ਵਾਪਸ ਲੈ ਲਏ ਗਏ। ਉਨ੍ਹਾਂ ਕਿਹਾ ਕਿ ਪਿੰਡ ਦੀ 5 ਕਿਲੋਮੀਟਰ ਦੀ ਸੜਕ ਉੱਤੇ ਚਾਰ ਮਹੀਨੇ ਤੋਂ ਰੋੜੀ ਪਈ ਹੋਈ ਹੈ। ਪਰ, ਸੜਕ ਨਹੀਂ ਬਣਾਈ ਜਾ ਰਹੀ, ਫੰਡਾਂ ਦੀ ਘਾਟ ਦੱਸੀ ਜਾ ਰਹੀ ਹੈ। ਇਲਾਕੇ ਦੇ ਲੋਕ ਪ੍ਰੇਸ਼ਾਨ ਹਨ ਅਤੇ ਲੋਕਾਂ ਦਾ ਗੁੱਸਾ ਸਾਡੇ ਉੱਤੇ ਫੁੱਟ ਰਿਹਾ ਹੈ।
ਪਿੰਡ ਮੰਡਿਆਣੀ ਦੀ ਸਰਪੰਚਣੀ ਦਾ ਕੀ ਕਹਿਣਾ: ਪਿੰਡ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ ਰਹੀ ਹੈ, ਜੋ ਕਿ ਓਦੋਂ ਚਰਚਾ ਵਿੱਚ ਆਈ, ਜਦੋਂ ਉਸ ਨੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਉਸ ਨੂੰ ਪੰਜਾਬ ਸਰਕਾਰ ਨੇ ਸਨਮਾਨਿਤ ਵੀ ਕੀਤਾ। ਗੁਰਪ੍ਰੀਤ ਕੌਰ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਵਲੋਂ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਕਾਲੀ ਦਲ ਵੱਲੋਂ ਟਿਕਟ ਮਿਲੀ ਸੀ, ਪਰ ਜਿੱਤਣ ਤੋਂ ਬਾਅਦ ਸਰਪੰਚ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ, ਸਰਬ ਸਾਂਝਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਉਮੀਦ ਹੈ ਕਿ 40 ਫ਼ੀਸਦੀ ਦੇ ਕਰੀਬ ਪੰਚਾਇਤਾਂ ਸਰਬ ਸੰਮਤੀ ਦੇ ਨਾਲ ਚੁਣੀਆਂ ਜਾਣਗੀਆਂ।
ਭਖੀ ਸਿਆਸਤ: ਇਕ ਪਾਸੇ, ਜਿੱਥੇ ਸੀਐਮ ਭਗਵੰਤ ਮਾਨ ਨੇ ਪੰਚਾਇਤਾਂ ਨੂੰ ਇਹ ਅਪੀਲ ਕੀਤੀ ਹੈ ਕਿ ਸਰਬ ਸੰਮਤੀ ਨਾਲ ਸਰਪੰਚ ਚੁਣੋ, ਉੱਥੇ ਹੀ, ਇਸ ਉੱਤੇ ਸਿਆਸਤ ਭ਼ੱਖਦੀ ਨਜ਼ਰ ਆ ਰਹੀ ਹੈ। ਕਾਂਗਰਸ ਸਮਰਥਕ ਸਾਬਕਾ ਸਰਪੰਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਉਮੀਦਵਾਰ ਹੀ ਨਹੀਂ ਹਨ। ਜਦਕਿ ਇਸ ਉੱਤੇ ਜਗਰਾਓਂ ਜੋ ਕਿ ਨਿਰਾ ਹੀ ਪੇਂਡੂ ਖੇਤਰ ਹੈ, ਓਥੋਂ ਦੀ ਐਮਐਲਏ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੀਐਮ ਮਾਨ ਨੇ ਸਰਬ ਸੰਮਤੀ ਨਾਲ ਪੰਚਾਇਤਾਂ ਚੁਣਨ ਲਈ ਕਿਹਾ ਨਾ ਕਿ ਅਕਾਲੀ ਦਲ, ਕਾਂਗਰਸ ਜਾਂ ਆਪ ਦੇ ਸਰਪੰਚ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਏਕਤਾ ਹੋਵੇ, ਪੰਚਾਇਤ ਸੁੱਚਜੇ ਢੰਗ ਨਾਲ ਬਿਨ੍ਹਾਂ ਕਿਸੇ ਗੁਟਬਾਜ਼ੀ ਤੋਂ ਕੰਮ ਕਰ ਸਕੇ। ਇਸ ਲਈ ਸਰਬ ਸੰਮਤੀਆਂ ਜਰੂਰੀ ਹਨ। ਹਾਲਾਂਕਿ, ਸੀਐਮ ਮਾਨ ਨੇ ਦਾਅਵਾ ਜ਼ਰੂਰ ਕੀਤਾ ਹੈ, ਪਰ ਪਿੰਡਾਂ ਵਿੱਚ ਇਸ ਵਾਰ ਲੋਕ 2 ਨਹੀਂ, ਸਗੋਂ 3 ਧੜਿਆਂ ਦੀ ਸਿਆਸੀ ਜੰਗ ਹੋਣ ਦੀ ਗੱਲ ਕਹਿ ਰਹੇ ਹਨ। ਅਜਿਹੇ ਵਿੱਚ ਸਰਬਸੰਮਤੀ ਦਾ ਫਾਰਮੂਲਾ ਕਿੰਨਾ ਕੂ ਕਾਰਗਰ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।