ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਤੇ ਪੰਜਾਬ ਭਰ ’ਚ ਪਹਿਲੇ ਨੰਬਰ ’ਤੇ ਲੁਧਿਆਣਾ ਦੇ ਤੇਜਾ ਸਿੰਘ ਸਤੰਤਰ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 497 ਅੰਕ ਹਾਸਿਲ ਕਰਕੇ ਟੌਪ ਕੀਤਾ ਹੈ।
ਓਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਛੋਆਣਾ (ਮਾਨਸਾ) ਦੀ ਅਰਸ਼ਪ੍ਰੀਤ ਕੌਰ ਨੇ ਕੁੱਲ ਅੰਕ 500 'ਚੋਂ 497 ਅੰਕ ਕਰਕੇ ਦੂਜਾ ਸਥਾਨ ਮੱਲਿਆ ਅਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ ਜ਼ਿਲ੍ਹਾ ਫਰੀਦਕੋਟ ਦੀ ਕੁਲਵਿੰਦਰ ਕੌਰ ਨੇ ਵੀ ਕੁੱਲ ਅੰਕ 500 'ਚੋਂ 497 ਅੰਕ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਵਿਦਿਆਰਥਣਾਂ ਵੱਲੋਂ ਬਰਾਬਰ ਅੰਕ ਹਾਸਲ ਕੀਤੇ ਗਏ ਹਨ ਪਰ ਬੋਰਡ ਮੈਨੇਜਮੈਂਟ ਨੇ ਵਿਦਿਆਰਥਣਾਂ ਦੀ ਜਨਮ ਮਿਤੀ ਦੇ ਆਧਾਰ ’ਤੇ ਮੈਰਿਟ ਐਲਾਨੀ ਹੈ।
ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੇ ਵਿੱਚ ਖੁਸ਼ੀ ਦੀ ਲਹਿਰ: ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਸਿਰਫ ਅਰਸ਼ਦੀਪ ਨੇ ਹੀ ਟੌਪ ਨਹੀਂ ਕੀਤਾ ਸਗੋਂ ਓਵਰ ਆਲ ਮੈਰਿਟ ਲਿਸਟ ਵਿੱਚ ਵੀ ਪੰਜਾਬ ਭਰ ਵਿੱਚੋਂ ਮੋਹਰੀ ਰਿਹਾ ਹੈ।ਉਨ੍ਹਾਂ ਕਿਹਾ ਕਿ ਸਕੂਲ ਦੇ ਕੁੱਲ 27 ਵਿਦਿਆਰਥੀ ਮੈਰਿਟ ਲਿਸਟ ਵਿੱਚ ਆਏ ਹਨ।
ਇਸ ਤੋਂ ਇਲਾਵਾ ਚੌਥੇ ਅਤੇ ਪੰਜਵੇਂ ਨੰਬਰ ’ਤੇ ਵੀ ਸਕੂਲ ਦੇ ਵਿਦਿਆਰਥੀ ਹਨ ਜਿਨ੍ਹਾਂ ਵਿੱਚੋਂ ਵਿਸ਼ਾਲੀ ਨੇ 495 ਅੰਕ ਹਾਸਿਲ ਕੀਤੇ ਅਤੇ ਉਹ ਤੀਜੇ ਨੰਬਰ ’ਤੇ ਰਹੀ ਜਦੋਂਕਿ ਚੌਥੇ ਨੰਬਰ ’ਤੇ ਦੋ ਵਿਦਿਆਰਥੀ ਆਏ ਹਨ ਜਿਸ ਵਿੱਚ ਰੋਹਿਤ ਅਤੇ ਕੋਮਲ ਸ਼ਾਮਲ ਹਨ ਜਿਨ੍ਹਾਂ ਨੇ 494 ਅੰਕ ਹਾਸਿਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਉਪਲੱਬਧੀ ਤੋਂ ਉਹ ਕਾਫੀ ਖੁਸ਼ ਹਨ। ਇਸ ਮੌਕੇ ਉਨ੍ਹਾਂ ਸਕੂਲ ਦੇ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: 12ਵੀਂ ਦਾ ਨਤੀਜਾ ਜਾਰੀ, ਕੁੜੀਆਂ ਨੇ ਮਾਰੀ ਬਾਜ਼ੀ