ਲੁਧਿਆਣਾ: ਸ਼ਹਿਰ ਵਿੱਚ ਗਿੱਲ ਰੋਡ ਲੁੱਟਾਂ-ਖੋਹਾਂ ਦਾ ਅੱਡਾ ਬਣਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਗਿੱਲ ਰੋਡ ਦੇ ਪ੍ਰਤਾਪ ਚੌਕ ਵਿੱਚ ਇੱਕ ਸਕਰੈਪ ਕਾਰੋਬਾਰੀ ਦੇ ਮੁਲਾਜ਼ਮ ਕੋਲੋਂ 8 ਲੱਖ ਰੁਪਏ ਦੀ ਲੁੱਟ ਕਰ ਲਈ ਗਈ ਹੈ। ਮੁਲਜ਼ਮਾਂ ਨੇ ਘਟਨਾ ਨੂੰ ਮੁਲਾਜ਼ਮ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਅੰਜਾਮ ਦਿੱਤਾ। ਪੁਲਿਸ ਨੇ ਲੁੱਟ ਦੀ ਸੂਚਨਾ ਮਿਲਣ 'ਤੇ ਮੌਕੇ ਉਪਰ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸਕਰੈਪ ਕਾਰੋਬਾਰੀ ਰਵੀ ਨੇ ਦੱਸਿਆ ਕਿ ਉਨ੍ਹਾਂ ਦਾ ਮੁਲਾਜ਼ਮ ਉਪਿੰਦਰ ਉਨ੍ਹਾਂ ਕੋਲ 10 ਸਾਲ ਤੋਂ ਕੰਮ ਕਰਦਾ ਆ ਰਿਹਾ ਹੈ। ਉਹ ਹਰ ਵਾਰ ਦੀ ਇਸ ਵਾਰ ਵੀ ਸਕਰੈਪ ਵੇਚ ਕੇ ਬੈਗ ਵਿੱਚ 8 ਲੱਖ ਰੁਪਏ ਪੇਮੈਂਟ ਲੈ ਕੇ ਆ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਪੇਮੈਂਟ ਲੈ ਕੇ ਗਿੱਲ ਰੋਡ ਤੋਂ ਕੰਗਣਵਾਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੁੱਝ ਤੇਜ਼ਧਾਰ ਹਥਿਆਰਬੰਦ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਹਮਲਾ ਕਰ ਦਿੱਤਾ। ਕਥਿਤ ਦੋਸ਼ੀ ਨੇ ਇਸ ਦੌਰਾਨ ਉਸ ਕੋਲੋਂ ਰੁਪਇਆਂ ਦਾ ਭਰਿਆ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ।
ਉਧਰ, ਲੁੱਟ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੇ ਏਸੀਪੀ ਸੰਦੀਪ ਵਡੇਰਾ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਪੁਲਿਸ ਅਧਿਕਾਰੀ ਨੇ ਕਿਹਾ ਪੀੜਤ ਮੁਲਾਜ਼ਮ ਨੂੰ ਫ਼ਸਟਏਡ ਦਿੱਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ, ਜਿਸ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।