ਲੁਧਿਆਣਾ: ਮਾਡਲ ਟਾਊਨ ਅਧੀਨ ਪੈਂਦੇ ਇਕ ਨਿੱਜੀ ਹਸਪਤਾਲ ਵਿੱਚ ਪਿਛਲੇ 10-12 ਦਿਨਾਂ ਤੋਂ ਜ਼ੇਰੇ ਇਲਾਜ ਵਿਅਕਤੀ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ। ਸਖਸ਼ ਦੀ ਉਮਰ ਲਗਭਗ 55 ਸਾਲ ਦੇ ਕਰੀਬ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਡਾਕਟਰਾਂ ਉੱਤੇ ਇਲਾਜ ਵਿੱਚ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਾਏ ਹਨ। ਪੁਲਿਸ ਨੇ ਮੌਕੇ ਉੱਤੇ ਪਹੁੰਚੇ ਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਤਾ ਦੀ ਸਿਹਤ ਖਰਾਬ ਸੀ, ਪਰ ਡਾਕਟਰਾਂ ਨੇ ਸਾਨੂੰ ਦੱਸਿਆ ਨਹੀਂ: ਮ੍ਰਿਤਕ ਦੀ ਧੀ ਸੋਨਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਿਮਾਰ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ 2 ਦਿਨ ਵਿੱਚ ਠੀਕ ਹੋ ਜਾਣਗੇ। ਮ੍ਰਿਤਕ ਦੀ ਧੀ ਨੇ ਦੱਸਿਆ ਕਿ ਇਸ ਦੇ ਬਾਵਜੂਦ 12 ਦਿਨ ਬੀਤ ਜਾਣ ਮਗਰੋਂ ਵੀ ਜਦੋਂ ਉਨ੍ਹਾਂ ਦੀ (Death Of Patient In Hospital Ludhiana) ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ, ਤਾਂ ਪਰਿਵਾਰ ਨੇ ਉਨ੍ਹਾਂ ਨੂੰ ਰੈਫਰ ਕਰਨ ਲਈ ਕਿਹਾ। ਪਰ, ਹਸਪਤਾਲ ਦੇ ਡਾਕਟਰ ਨੇ ਮਨਾਂ ਕਰ ਦਿੱਤਾ। ਜਦੋਂ ਬੀਤੀ ਰਾਤ ਉਹ ਆਪਣੇ ਪਿਤਾ ਨੂੰ ਮਿਲ ਕੇ ਵਾਪਿਸ ਜਾ ਰਹੇ ਸਨ, ਤਾਂ ਹਸਪਤਾਲ ਦੇ ਸਟਾਫ਼ ਵਲੋਂ ਫੋਨ ਕਰਕੇ ਕਿਹਾ ਗਿਆ ਕਿ ਉਹ ਨਹੀਂ ਰਹੇ।
ਮਰੀਜ਼ ਨੂੰ ਰੈਫਰ ਨਹੀਂ ਕੀਤਾ ਗਿਆ: ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਾਲ ਮਿਲਣ ਵੀ ਨਹੀਂ ਦੇ ਰਹੇ ਸੀ। ਜਦੋਂ ਅਸੀਂ ਦਵਾਈ ਦੇਣ ਬਹਾਨੇ ਅੰਦਰ ਆਈਸੀਯੂ ਵਿੱਚ ਗਏ, ਤਾਂ ਦੇਖਿਆ ਕਿ ਪਿਤਾ ਨੂੰ ਸਾਹ ਲੈਣ ਵਿੱਚ ਦਿਕੱਤ ਆ ਰਹੀ ਹੈ, ਪਰ ਡਾਕਟਰਾਂ ਵਲੋਂ ਸਾਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਜਦੋਂ ਉਨ੍ਹਾਂ ਨੇ ਰੈਫਰ ਕਰਨ ਦੀ ਮੰਗ ਕੀਤੀ ਸੀ। ਪਰ, ਡਾਕਟਰ ਵੱਲੋਂ ਪਰਿਵਾਰ ਨੂੰ ਇਲਾਜ ਦੀ ਗੱਲ ਕਹੀ ਗਈ ਸੀ ਅਤੇ ਦੇਰ ਸ਼ਾਮ ਮੌਤ ਤੋਂ ਬਾਅਦ ਪਰਿਵਾਰ ਨੇ ਗੁੱਸਾ ਜ਼ਾਹਰ ਕੀਤਾ ਹੈ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਪਿਤਾ ਨਾਲ ਮਿਲੇ ਸੀ, ਤਾਂ ਉਨ੍ਹਾਂ ਦਾ ਮਰੀਜ਼ ਠੀਕ ਸੀ। ਪਰਿਵਾਰ ਨੇ ਕਿਹਾ ਕਿ 2 ਲੱਖ ਰੁਪਏ ਦਾ ਬਿੱਲ ਬਣਾ ਦਿੱਤਾ ਗਿਆ, ਜਦਕਿ ਸਿਹਤ ਵਿੱਚ ਸੁਧਾਰ ਨਾ ਦੇਖਦੇ ਹੋਏ, ਅਸੀਂ ਇਨ੍ਹਾਂ ਨੂੰ ਲਗਾਤਾਰ ਰੈਫਰ ਕਰਨ ਲਈ ਕਹਿ ਰਹੇ ਸਨ।
ਪੁਲਿਸ ਵਲੋਂ ਪੀੜਤ ਪਰਿਵਾਰ ਦੇ ਲਏ ਗਏ ਬਿਆਨ: ਪਰਿਵਾਰ ਦੇ ਮੈਬਰਾਂ ਵਲੋਂ ਹੰਗਾਮਾ ਕਰਦਾ ਵੇਖ ਮੌਕੇ ਉੱਤੇ ਮਾਡਲ ਟਾਊਨ ਥਾਣੇ ਦੀ ਪੁਲਿਸ ਪੁੱਜੀ, ਜਿਨ੍ਹਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਗਏ ਹਨ। ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਮਰੀਜ਼ ਨੂੰ ਰੈਫਰ ਨਾ ਕਰਨ ਅਤੇ ਇਲਾਜ ਵਿੱਚ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਾਏ ਹਨ। ਇਸ ਸਬੰਧੀ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਪੁੱਛਗਿੱਛ ਕੀਤੀ ਅਤੇਂ ਮਾਮਲੇ ਦੀ ਤਫਤੀਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਾਮਲਾ ਸ਼ਾਂਤ ਕਰਵਾਇਆ ਹੈ ਅਤੇ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।