ਲੁਧਿਆਣਾ: ਸ਼ਰਾਬ ਦੀ ਪਾਲਿਸੀ ਨੂੰ ਲੈ ਕੇ ਦਿੱਲੀ ਵਿੱਚ ਮਨੀਸ਼ ਸਿਸੋਦੀਆ ਦੇ ਘਰ ਸਣੇ ਸੀਬੀਆਈ ਵੱਲੋਂ 21 ਥਾਂਵਾਂ (excise policy in Punjab) ਉੱਤੇ ਛਾਪੇਮਾਰੀ ਕੀਤੀ ਗਈ ਹੈ। ਦਿੱਲੀ ਦੇ ਉਪਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਲੋਂ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਉੱਤੇ ਸਵਾਲ ਖੜ੍ਹੇ ਕਰਦੇ ਹੋਏ ਇਸ ਦੀ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ ਜਿਸ ਤੋਂ ਬਾਅਦ ਇਹ ਛਾਪੇਮਾਰੀ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਬਕਾਰੀ ਨੀਤੀ ਉੱਤੇ ਸਵਾਲ ਖੜ੍ਹੇ ਹੋ ਗਏ ਹਨ।
ਕਾਂਗਰਸ ਦੇ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਸ ਦੀ ਵੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇੱਥੇ ਵੀ ਵੱਡੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਨੀਤੀ ਵਿਚ ਕਈ ਊਣਤਾਈਆਂ ਪਾਈਆਂ ਗਈਆਂ ਹਨ। ਦੂਜੇ ਪਾਸੇ, ਆਮ ਆਦਮੀ ਪਾਰਟੀ ਇਸ ਨੂੰ ਸਿਆਸੀ ਰੰਜਿਸ਼ ਕਰਾਰ ਦੇ ਰਹੀ ਹੈ ਅਤੇ ਗੁਜਰਾਤ ਅਤੇ ਹਿਮਾਚਲ ਚੋਣਾਂ ਵਿੱਚ ਭਾਜਪਾ ਦੀ ਬੁਖਲਾਹਟ ਦਾ ਨਤੀਜਾ ਦੱਸ ਰਹੀ ਹੈ।
ਦਿੱਲੀ ਵਿੱਚ ਵਿਵਾਦ ਕਿਉਂ: ਦਰਅਸਲ ਦਿੱਲੀ ਦੇ ਵਿੱਚ ਬੀਤੇ ਸਾਲ ਆਬਕਾਰੀ ਨੀਤੀ ਲਾਗੂ ਕੀਤੀ ਗਈ ਸੀ ਜਿਸ ਦੇ ਮੁਤਾਬਕ ਦਿੱਲੀ ਨੂੰ 32 ਜ਼ੋਨਾਂ ਵਿੱਚ ਵੰਡਿਆ ਗਿਆ ਸੀ। ਇਨ੍ਹਾਂ ਵਿੱਚ 849 ਲਾਇਸੈਂਸ ਵੰਡੇ ਗਏ ਸਨ। ਇਨ੍ਹਾਂ ਸਾਰੇ ਹੀ ਜ਼ੋਨਾਂ ਦੇ ਵਿਚ ਹਰ ਇਕ ਜ਼ੋਨ ਅੰਦਰ ਔਸਤਨ 25-27 ਠੇਕੇ ਖੁੱਲ੍ਹ ਰਹੇ ਸਨ। ਦਿੱਲੀ ਵਿੱਚ ਹੁਣ ਤੱਕ 60 ਫ਼ੀਸਦੀ ਸ਼ਰਾਬ ਦੇ ਠੇਕੇ ਸਰਕਾਰੀ ਅਤੇ 40 ਫ਼ੀਸਦੀ ਸ਼ਰਾਬ ਦੇ ਠੇਕੇ ਨਿੱਜੀ ਹੱਥਾਂ ਵਿੱਚ ਸਨ, ਪਰ ਇਸ ਨੀਤੀ ਦੇ ਨਾਲ 100 ਫ਼ੀਸਦੀ ਠੇਕੇ ਨਿੱਜੀ ਹੱਥਾਂ ਵਿੱਚ ਚਲੇ ਗਏ।
ਇੱਥੋਂ ਤੱਕ ਕਿ ਦਿੱਲੀ ਦੇ ਵਿੱਚ ਸ਼ਰਾਬ ਪੀਣ ਲਈ ਕਾਨੂੰਨੀ ਉਮਰ ਦੀ ਹੱਦਬੰਦੀ ਨੂੰ ਵੀ ਘਟਾ ਕੇ 25 ਸਾਲ ਤੋਂ 21 ਸਾਲ ਕਰ ਦਿੱਤਾ ਗਿਆ ਸੀ। ਅੰਤਰਰਾਸ਼ਟਰੀ ਏਅਰਪੋਰਟ ਤੇ ਓਪਰੇਟਿਡ ਇੰਡੀਪੈਂਡਿਟ ਸ਼ਾਪ ਅਤੇ ਹੋਟਲ ਵਿਚ 24 ਘੰਟੇ ਸ਼ਰਾਬ ਦੀ ਵਿਕਰੀ ਦੀ ਮਨਜ਼ੂਰੀ ਦਿੱਤੀ ਗਈ ਸੀ। ਨਵੀਂ ਨੀਤੀ ਦੇ ਤਹਿਤ ਨਵੇਂ ਠੇਕੇ 500 ਵਰਗ ਫੁੱਟ ਵਿੱਚ ਖੁੱਲ੍ਹ ਰਹੇ ਸਨ, ਜਦਕਿ ਪਹਿਲਾਂ ਸਰਕਾਰੀ ਠੇਕੇ 150 ਫੁੱਟ ਦੇ ਵਿੱਚ ਹੀ ਸਨ ਅਤੇ ਕਾਊਂਟਰ ਸੜਕ ਵੱਲ ਹੁੰਦੇ ਸਨ ਇਸ ਤੋਂ ਇਲਾਵਾ ਸ਼ਰਾਬ ਦੀ ਹੋਮ ਡਿਲਿਵਰੀ ਲਈ ਵੀ ਤਜਵੀਜ਼ ਰੱਖੀ ਗਈ ਸੀ।
ਦਿੱਲੀ ਦੀ ਤਰਜ਼ 'ਤੇ ਬਣੀ ਪੰਜਾਬ ਦੀ ਆਬਕਾਰੀ ਨੀਤੀ !: ਦਿੱਲੀ ਦੀ ਤਰਜ਼ ਉੱਤੇ ਹੀ ਪੰਜਾਬ ਵਿਚ ਆਬਕਾਰੀ ਨੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਾਗੂ ਕੀਤੀ ਗਈ ਜਿਸਦੇ ਤਹਿਤ ਸ਼ਰਾਬ ਦੇ ਠੇਕਿਆਂ ਦੀ ਕਾਲਾਬਾਜ਼ਾਰੀ ਰੋਕਣ ਲਈ ਵੱਧ ਤੋਂ ਵੱਧ ਠੇਕੇ ਖੋਲ੍ਹਣ ਦੀ ਤਜਵੀਜ਼ ਰੱਖ ਦਿੱਤੀ ਗਈ। ਇੱਥੋਂ ਤਕ ਕਿ ਸਕੂਲਾਂ ਤੋਂ 200 ਮੀਟਰ ਤੱਕ ਸ਼ਰਾਬ ਦਾ ਠੇਕਾ (Delhi Excise Policy) ਖੋਲ੍ਹਣ ਦੀ ਤਜਵੀਜ਼ ਰੱਖੀ ਗਈ। ਇਸ ਤੋਂ ਇਲਾਵਾ ਸ਼ਰਾਬ ਦੀ ਵਿਕਰੀ ਸਸਤੀ ਅਤੇ ਜ਼ਿਆਦਾ ਕਰਨ ਨੂੰ ਲੈ ਕੇ ਵੀ ਸਰਕਾਰ ਨੇ ਪਾਲਿਸੀ ਦੇ ਵਿੱਚ ਤਬਦੀਲੀਆਂ ਕੀਤੀਆਂ ਜਿਸ ਤੋਂ ਬਾਅਦ ਸ਼ਰਾਬ ਦੇ ਕਈ ਠੇਕੇਦਾਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ। ਸ਼ਰਾਬ ਦੇ ਕਈ ਠੇਕੇਦਾਰਾਂ ਨੇ ਇਸ ਪਾਲਿਸੀ ਨੂੰ ਵਾਪਸ ਲੈਣ ਲਈ ਮੋਰਚਾ ਖੋਲ੍ਹ ਦਿੱਤਾ।
ਸ਼ਰਾਬ ਠੇਕੇਦਾਰ ਅਮਿਤ ਬਾਂਸਲ ਨੇ ਕਿਹਾ ਕਿ 'ਆਬਕਾਰੀ ਨੀਤੀ ਵਿਚ ਕੋਈ ਕਮੀ ਨਹੀਂ ਸੀ ਪਰ ਸਰਕਾਰ ਸਾਨੂੰ ਲੋੜੀਂਦਾ ਸਟਾਕ ਉਪਲੱਬਧ ਕਰਾਉਣ ਵਿਚ ਨਾਕਾਮ ਰਹੀ ਹੈ ਜਿਸ ਕਰਕੇ ਇਸ ਨੀਤੀ ਦੇ ਵਿਚ ਕਈ ਕਮੀਆਂ ਵੇਖਣ ਨੂੰ ਮਿਲੀਆਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਜ਼ਿਆਦਾ ਖੋਲ੍ਹਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਸੀ, ਸਗੋਂ ਇਸ ਦਾ ਫ਼ਾਇਦਾ ਸ਼ਰਾਬ ਦੀ ਕਾਲਾ ਬਾਜ਼ਾਰੀ ਰੋਕਣ ਸਬੰਧੀ ਹੋਣਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਣ ਲੱਗਾ ਕੁਝ ਇਲਾਕੇ ਦੇ ਰਸੂਖ਼ਦਾਰਾਂ ਅਤੇ ਲੋਕਾਂ ਵੱਲੋਂ ਜਾਣਬੁੱਝ ਕੇ ਠੇਕੇ ਬੰਦ ਕਰਵਾਉਣ ਲਈ ਧਰਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ।
ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ: ਸੀਬੀਆਈ ਵੱਲੋਂ ਦਿੱਲੀ ਦੇ ਵਿੱਚ ਆਬਕਾਰੀ ਨੀਤੀ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਜਾਰੀ ਹਨ, ਜਿਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਨੇ ਹੁਣ ਪੰਜਾਬ ਦੇ ਵਿੱਚ ਵੱਲੋਂ ਆਬਕਾਰੀ ਨੀਤੀ ਤੇ ਸਵਾਲ ਖੜੇ ਕਰ ਦਿੱਤੇ ਹਨ। ਭਾਜਪਾ ਦੇ ਲੀਡਰ ਅਮਰਜੀਤ ਟਿੱਕਾ ਨੇ ਕਿਹਾ ਹੈ ਕਿ ਜੇਕਰ ਧੂੰਆਂ ਨਿਕਲ ਰਿਹਾ ਹੈ, ਤਾਂ ਅੱਗ ਜ਼ਰੂਰ ਲੱਗੀ ਹੋਵੇਗੀ। ਉਨ੍ਹਾਂ ਕਿਹਾ ਕਿ ਸੀਬੀਆਈ ਬਿਨਾਂ ਗੱਲ ਤੋਂ ਛਾਪੇਮਾਰੀ ਨਹੀਂ ਕਰਦੀ। ਅਮਰਜੀਤ ਟਿੱਕਾ ਨੇ ਕਿਹਾ ਕਿ ਦਿੱਲੀ ਦੀ ਸ਼ਰਾਬ ਨੀਤੀ ਦੇ ਵਿਚ ਜੇਕਰ ਕਮੀਆਂ ਪਾਈਆਂ ਗਈਆਂ, ਤਾਂ ਹੀ ਠੇਕੇਦਾਰਾਂ ਨੇ ਸਵਾਲ ਖੜ੍ਹੇ ਕੀਤੇ ਅਤੇ ਉਨ੍ਹਾਂ ਦੀ ਸ਼ਿਕਾਇਤ ਤੇ ਹੀ ਅੱਗੇ ਕਾਰਵਾਈ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਵੀ ਜੋ ਸ਼ਰਾਬ ਨੀਤੀ ਜਾਰੀ ਕੀਤੀ ਗਈ ਹੈ। ਉਸ ਤੇ ਵੀ ਰੋਕ ਲਾਉਣੀ ਚਾਹੀਦੀ ਹੈ ਅਤੇ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਵੱਡੇ ਰਸੂਖਦਾਰ ਠੇਕੇਦਾਰਾਂ ਨੂੰ ਫਾਇਦੇ ਪਹੁੰਚਾਉਣ ਲਈ ਇਹ ਆਬਕਾਰੀ ਨੀਤੀ ਬਣਾਈ ਹੈ। ਉੱਥੇ ਹੀ, ਦੂਜੇ ਪਾਸੇ ਕਾਂਗਰਸ ਦੇ ਪੰਜਾਬ ਤੋਂ ਬੁਲਾਰੇ ਕੰਵਰ ਹਰਪ੍ਰੀਤ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਦੋਂ ਦਿੱਲੀ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਪੰਜਾਬ ਚੋਣਾਂ ਤੇ ਲਾਇਆ ਤਾਂ ਭਾਜਪਾ ਨੇ ਕੋਈ ਕਦਮ ਨਹੀਂ ਚੁੱਕਿਆ, ਕਿਉਂਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਰੁਝਾਨ ਨਹੀਂ ਸੀ। ਪਰ ਜਦੋਂ ਹੁਣੇ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਆ ਗਈਆਂ ਹਨ, ਤਾਂ ਜ਼ਰੂਰ ਪਾਲਿਸੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਭਾਜਪਾ ਨੇਤਾ ਕਿਹਾ ਕਿ ਪੰਜਾਬ ਦੇ ਵਿੱਚ ਵੀ ਦਿੱਲੀ ਮਾਡਲ ਦੀ ਪਾਲਿਸੀ ਜਾਰੀ ਕੀਤੀ ਗਈ ਸੀ। ਇਸ ਉੱਤੇ ਵੀ ਜਾਂਚ ਹੋਣੀ ਚਾਹੀਦੀ ਹੈ।
ਆਪ ਦਾ ਜਵਾਬ: ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਨੂੰ ਲੈ ਕੇ ਇਕ ਪਾਸੇ ਜਿਥੇ ਆਮ ਆਦਮੀ ਪਾਰਟੀ ਬੈਕਫੁੱਟ ਉੱਤੇ ਆ ਗਈ ਹੈ, ਉਥੇ ਹੀ ਦੂਜੇ ਪਾਸੇ ਵਿਧਾਇਕ ਇਸ ਨੂੰ ਬਦਲਾਖੋਰੀ ਦਾ ਨਤੀਜਾ ਦੱਸ ਰਹੇ ਹਨ। ਬੀਤੇ ਦਿਨ ਲੁਧਿਆਣਾ ਦੇ ਮੁਲਾਂਪੁਰ ਦਾਖਾ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਿਸੇ ਹੋਰ ਮੁੱਦੇ ਤੇ ਤਾਂ ਨਹੀਂ ਬੋਲੇ ਪਰ ਮਨੀਸ਼ ਸਿਸੋਦੀਆ ਦੇ ਨਾਂ ਉੱਤੇ ਜ਼ਰੂਰ ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਬਦਲਾਖ਼ੋਰੀ ਕਰ ਰਹੀ ਹੈ, ਪਰ ਚੋਣਾਂ ਦੇ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਵਿਰੋਧੀਆਂ ਦਾ ਕੰਮ ਹੀ ਸਵਾਲ ਖੜ੍ਹੇ ਕਰਨਾ ਹੈ, ਪਰ ਸਰਕਾਰ ਆਮ ਲੋਕਾਂ ਨੂੰ ਕਿਸ ਤਰ੍ਹਾਂ ਰਾਹਤ ਮਿਲੇ ਇਸ ਸਬੰਧੀ ਹੀ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਸੜਕ ਕੰਢੇ ਗਣੇਸ਼ ਦੀਆਂ ਮੂਰਤੀਆਂ ਵੇਚ ਰਹੇ ਰਾਜਸਥਾਨੀ ਮਜ਼ਦੂਰ ਪਰਿਵਾਰ ਨੂੰ ਸਤਾ ਰਿਹੈ ਇਹ ਡਰ